Mekedatu Dam ਵਿਵਾਦ: CM Vijay ਨੇ PM Modi ਨੂੰ ਪੱਤਰ ਲਿਖਿਆ
ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ਼ ਵਿਜੈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜਲ ਸ਼ਕਤੀ ਵਿਭਾਗ ’ਚ ਰਾਜ ਮੰਤਰੀ ਰਾਜ ਭੂਸ਼ਨ ਚੌਧਰੀ ਵੱਲੋਂ ਰਾਜ ਸਭਾ ਵਿੱਚ ਮੇਕੇਦਾਤੂ ਡੈਮ ਬਾਰੇ ਦਿੱਤਾ ਵਿਵਾਦਿਤ ਬਿਆਨ...
ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ਼ ਵਿਜੈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜਲ ਸ਼ਕਤੀ ਵਿਭਾਗ ’ਚ ਰਾਜ ਮੰਤਰੀ ਰਾਜ ਭੂਸ਼ਨ ਚੌਧਰੀ ਵੱਲੋਂ ਰਾਜ ਸਭਾ ਵਿੱਚ ਮੇਕੇਦਾਤੂ ਡੈਮ ਬਾਰੇ ਦਿੱਤਾ ਵਿਵਾਦਿਤ ਬਿਆਨ ਵਾਪਸ ਲਿਆ ਜਾਵੇ। ਚੌਧਰੀ ਨੇ ਸੰਸਦ ਦੇ ਉਪਰਲੇ ਸਦਨ ਵਿੱਚ ਲਿਖਤੀ ਜਵਾਬ ਦੌਰਾਨ ਇਹ ਕਹਿ ਕੇ ਨਵਾਂ ਵਿਵਾਦ ਛੇੜ ਦਿੱਤਾ ਸੀ ਕਿ ਕਾਵੇਰੀ ਜਲ ਵਿਵਾਦ ਬਾਰੇ ਸੁਪਰੀਮ ਕੋਰਟ ਦੇ 16 ਫਰਵਰੀ 2018 ਦੇ ਇਤਿਹਾਸਕ ਫੈਸਲੇ ਵਿੱਚ ਕਿਤੇ ਵੀ ਇਹ ਗੱਲ ਸਾਫ਼ ਤੌਰ ’ਤੇ ਨਹੀਂ ਕਹੀ ਗਈ ਕਿ ਕਾਵੇਰੀ ਨਦੀ ’ਤੇ ਕੋਈ ਵੀ ਢਾਂਚਾ ਬਣਾਉਣ ਤੋਂ ਪਹਿਲਾਂ ਕਰਨਾਟਕ ਨੂੰ ਤਾਮਿਲ ਨਾਡੂ, ਕੇਰਲਾ ਜਾਂ ਪੁੱਡੂਚੇਰੀ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ। ਵਿਜੈ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮੇਕੇਦਾਤੂ ਡੈਮ ਪ੍ਰਾਜੈਕਟ ਨੂੰ ਉਦੋਂ ਤੱਕ ਪ੍ਰਵਾਨਗੀ ਨਾ ਦੇਣ ਜਦੋਂ ਤੱਕ ਇਹ ਕਾਵੇਰੀ ਜਲ ਵਿਵਾਦ ਟ੍ਰਿਬਿਊਨਲ ਦੇ ਫੈਸਲੇ ਅਤੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਨਹੀਂ ਹੁੰਦਾ। ਉੱਧਰ, ਅੰਨਾ ਡੀ ਐੱਮ ਕੇ ਮੁਖੀ ਈ ਕੇ ਪਲਾਨਾਸਵਾਮੀ ਨੇ ਵੀ ਚੌਧਰੀ ਵੱਲੋਂ ਦਿੱਤੇ ਵਿਵਾਦਿਤ ਬਿਆਨ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਜਵਾਬ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ। ਅੰਤਰ ਰਾਜੀ ਨਦੀਆਂ ਰਾਸ਼ਟਰੀ ਸੰਪਤੀ ਹਨ ਅਤੇ ਉਪਰਲੇ ਵਹਾਅ ਵਾਲੇ ਰਾਜ ਪਾਣੀ ਦੇ ਵਹਾਅ ਵਿੱਚ ਇਕਤਰਫ਼ਾ ਤਬਦੀਲੀ ਨਹੀਂ ਕਰ ਸਕਦੇ। ਕੇਂਦਰ ਸਰਕਾਰ ਅਤੇ ਇਸ ਦੇ ਮੰਤਰੀ ਇਸ ਮਸਲੇ, ਖਾਸ ਕਰ ਕੇ ਮੇਕੇਦਾਤੂ ਡੈਮ ਬਾਰੇ, ਵਡੇਰੀ ਜ਼ਿੰਮੇਵਾਰੀ ਨਾਲ ਕੰਮ ਲੈਣ ਕਿਉਂਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਅਜਿਹੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਪ੍ਰਤੀਕਿਰਿਆ ਦੇਣ ਮੌਕੇ ਇਤਿਹਾਸਕ ਹਵਾਲਿਆਂ, ਕਾਨੂੰਨੀ ਤੱਥਾਂ ਤੇ ਪੀੜਤ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਸੁਪਰੀਮ ਕੋਰਟ ਵੱਲੋਂ 2018 ਵਿੱੱਚ ਸੁਣਾਏ ਫੈਸਲੇ ਦੇ 342ਵੇਂ ਸਫ਼ੇ ਨੂੰ ਖਾਸ ਤੌਰ ’ਤੇ ਉਭਾਰਿਆ।

