ਨਵੀਂ ਦਿੱਲੀ, 28 ਨਵੰਬਰ
ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਅੱਜ ਇੱਥੇ ਇੱਕ ਅਦਾਲਤ ’ਚ ਦੋਸ਼ ਲਾਇਆ ਕਿ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ’ਚ ਉਸ ਦੀ ਕਥਿਤ ਭੂਮਿਕਾ ਬਾਰੇ ਮੀਡੀਆ ਰਾਹੀਂ ਵੱਖ-ਵੱਖ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਵੱਲੋਂ ਉਸ ਖ਼ਿਲਾਫ਼ ‘ਦੁਰਪ੍ਰਚਾਰ’ ਮੁਹਿੰਮ ਚਲਾਈ ਗਈ। ਉਸ ਦੇ ਵਕੀਲ ਵੱਲੋਂ ਦਾਇਰ ਅਰਜ਼ੀ ’ਚ ਕਿਹਾ ਗਿਆ ਕਿ ਫਰਵਰੀ ਮਹੀਨੇ ਹੋਏ ਦਿੱਲੀ ਦੰਗਿਆਂ ਬਾਰੇ ਖਾਲਿਦ ਖ਼ਿਲਾਫ਼ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਦੇ ਆਧਾਰ ’ਤੇ ਮੀਡੀਆ ਪਲੇਟਫਾਰਮਾਂ ’ਤੇ ਉਸ ਬਾਰੇ ਰਿਪੋਰਟਿੰਗ ਕੀਤੀ ਗਈ ਜਦਕਿ ਖਾਲਿਦ ਕੋਲ ਚਾਰਜਸ਼ੀਟ ਦੀ ਕਾਪੀ ਨਹੀਂ ਸੀ ਅਤੇ ਉਹ ‘ਮੀਡੀਆ ਟਰਾਇਲ ਵਿੱਚ ਆਪਣਾ ਬਚਾਅ ਵੀ ਨਹੀਂ ਸੀ ਕਰ ਸਕਦਾ। ਐਡੀਸ਼ਨਲ ਜੱਜ ਅਮਿਤਾਭ ਰਾਵਤ ਨੇ ਅਦਾਲਤੀ ਅਮਲੇ ਨੂੰ ਨਿਰਦੇਸ਼ ਦਿੱਤੇ ਕਿ ਖਾਲਿਦ ਨੂੰ ਸਪਲਮੈਂਟਰੀ ਚਾਰਜਸ਼ੀਟ ਦੀ ਸਾਫਟ ਕਾਪੀ ਮੁਹੱਈਆ ਕਰਵਾਈ ਜਾਵੇ। ਕੇਸ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। -ਪੀਟੀਆਈ