BJP ਨੇ ਨਵੀਂ ਟੀਮ ਦਾ ਕੀਤਾ ਐਲਾਨ: ਮਨਪ੍ਰੀਤ ਬਾਦਲ ਅਤੇ ਸਮ੍ਰਿਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਮਿਲੀ ਥਾਂ
ਵਣਜ ਮੰਤਰੀ ਪੀਯੂਸ਼ ਗੋਇਲ ਨੂੰ ਭਾਜਪਾ ਦਾ ਖ਼ਜ਼ਾਨਚੀ ਬਣਾਇਆ ਗਿਆ
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਨੂੰ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਪੁਰਾਣੇ ਅਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ ਹੈ।
ਇਸ ਬਦਲਾਅ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ ਆਰ ਐੱਸ ਐੱਸ ਨੇਤਾ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਥਾਂ ਨੂੰ ਬਰਕਰਾਰ ਰੱਖਿਆ ਗਿਆ ਹੈ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੇਂ ਜਨਰਲ ਸਕੱਤਰਾਂ ਵਿੱਚ, ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਵਾਪਸੀ ਹੋਈ ਹੈ।
ਪੰਜਾਬ ਮਾਮਲਿਆਂ ਦੇ ਮੌਜੂਦਾ ਆਬਜ਼ਰਵਰ ਸਤੀਸ਼ ਪੂਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਵਜੋਂ ਸੂਚੀ ਵਿੱਚ ਬਣੇ ਹੋਏ ਹਨ।
ਇਸ ਸੂਚੀ ਦੀ ਖ਼ਾਸ ਗੱਲ ਵਣਜ ਮੰਤਰੀ ਪੀਯੂਸ਼ ਗੋਇਲ ਦੀ ਭਾਜਪਾ ਦੇ ਖ਼ਜ਼ਾਨਚੀ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਗੋਇਲ ਨੂੰ ਭਾਜਪਾ ਦੇ 'ਇੱਕ ਵਿਅਕਤੀ ਇੱਕ ਅਹੁਦਾ' ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ।
ਇਸ ਤੋਂ ਇਲਾਵਾ, ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਵਜੋਂ ਬਣੇ ਰਹਿਣਗੇ।
ਉੱਥੇ ਹੀ ਤਰੁਣ ਚੁੱਘ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਜਦਕਿ ਆਰ ਐੱਸ ਐੱਸ ਦੇ ਸੀਨੀਅਰ ਆਗੂ ਬੀ ਐੱਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਵਜੋਂ ਬਣੇ ਰਹਿਣਗੇ।
ਨਵੀਂ ਸੂਚੀ ਵਿੱਚ 13 ਮੀਤ ਪ੍ਰਧਾਨ ਅਤੇ ਅੱਠ ਜਨਰਲ ਸਕੱਤਰ ਹਨ, ਜਦੋਂ ਕਿ ਅਰੁਣ ਸਿੰਘ, ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਹ ਟੀਮ ਅਗਲੇ ਸਾਲ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।
ਨਿਤਿਨ ਨਬੀਨ ਦੀ ਅੱਜ ਦੀ ਸੂਚੀ ਵਿੱਚ ਪੰਜਾਬ, ਯੂਪੀ ਅਤੇ ਉਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ।
ਇਨ੍ਹਾਂ ਸੂਬਿਆਂ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ।

