ਮਨਮੋਹਨ ਸਿੰਘ ਨੂੰ ਰਾਜਨੀਤੀ ਦੀ ਸਮਝ ਸੀ: ਮੌਂਟੇਕ
ਯੋਜਨਾ ਕਮਿਸ਼ਨ ਦੇ ਸਾਬਕਾ ੳੁਪ ਚੇਅਰਮੈਨ ਨੇ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦੀ ਦਿੱਤੀ ਮਿਸਾਲ
Advertisement
ਯੋਜਨਾ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ-ਅਮਰੀਕਾ ਪਰਮਾਣੂ ਸਮਝੌਤਾ ਕਰ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਲੋੜ ਪੈਣ ’ਤੇ ਉਹ ਸਿਆਸਤ ਵੀ ਕਰਨਾ ਜਾਣਦੇ ਹਨ। ‘ਡਾ. ਮਨਮੋਹਨ ਸਿੰਘ ਦਾ ਜੀਵਨ ਅਤੇ ਵਿਰਾਸਤ’ ਵਿਸ਼ੇ ’ਤੇ ਆਪਣੇ ਭਾਸ਼ਣ ਦੌਰਾਨ ਮੌਂਟੇਕ ਸਿੰਘ ਨੇ ਕਿਹਾ ਕਿ ਜੇ ਪਰਮਾਣੂ ਸਮਝੌਤੇ ’ਤੇ ਦਸਤਖ਼ਤ ਨਾ ਕੀਤੇ ਗਏ ਹੁੰਦੇ ਤਾਂ ਰੱਖਿਆ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਮੌਜੂਦਾ ਸਹਿਯੋਗ ਸੰਭਵ ਨਹੀਂ ਹੋਣਾ ਸੀ। ਇਸ ਸਮਾਗਮ ਵਿੱਚ ਮਰਹੂਮ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਪ੍ਰਧਾਨ ਮੰਤਰੀ ਅਜਾਇਬਘਰ ਤੇ ਲਾਇਬ੍ਰੇਰੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਵੀ ਮੌਜੂਦ ਸਨ। ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਇੱਥੋਂ ਤੱਕ ਕਿ ਭਾਜਪਾ ਦਾ ਇੱਕ ਵੱਡਾ ਹਿੱਸਾ ਵੀ ਨਹੀਂ ਚਾਹੁੰਦਾ ਸੀ ਕਿ ਪਰਮਾਣੂ ਸਮਝੌਤੇ ’ਤੇ ਦਸਤਖ਼ਤ ਹੋਣ ਅਤੇ ਇਸ ਨੂੰ ਪਾਸ ਕਰਾਉਣ ਲਈ ਬਹੁਤ ਸਾਰੀ ‘ਸਿਆਸੀ ਜੋੜ-ਤੋੜ’ ਕਰਨੀ ਪਈ ਸੀ। ਅਮਰੀਕਾ ਨਾਲ ਟੈਰਿਫ ਦੇ ਮੁੱਦੇ ’ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰਨਾ ‘ਸਹੀ ਕਦਮ’ ਹੋਵੇਗਾ। ਉਨ੍ਹਾਂ ਸਰਕਾਰੀ ਅਹੁਦਿਆਂ ’ਤੇ ਨਿੱਜੀ ਖੇਤਰ ਤੋਂ ਨੌਜਵਾਨਾਂ ਨੂੰ ਲਿਆਉਣ (ਲੇਟਰਲ ਐਂਟਰੀ) ਦੀ ਯੋਜਨਾ ਨੂੰ ਵੀ ਹਮਾਇਤ ਦਿੱਤੀ। ਉਂਝ, ਉਨ੍ਹਾਂ ਕਿਹਾ ਕਿ ‘ਵਿਕਸਤ ਭਾਰਤ’ ਦਾ ਸੁਪਨਾ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਮਨੁੱਖੀ ਸਰੋਤਾਂ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਨਹੀਂ ਜਾਂਦਾ ਹੈ।
Advertisement
Advertisement
