Manipur Violence: ਪੀੜਤਾਂ ਨੂੰ ਅਗਲੀ ਸੁਣਵਾਈ ਮੌਕੇ ਪੇਸ਼ ਕਰਨ ਦੇ ਹੁਕਮ
ਸੁਣਵਾੲੀ ਅਦਾਲਤ ਨੂੰ ਮੁਕੱਦਮੇ ਦੀ ਕਾਰਵਾਈ ’ਚ ਤੇਜ਼ੀ ਲਿਆਉਣ ਦੀ ਹਦਾਇਤ
ਸੁਪਰੀਮ ਕੋਰਟ ਨੇ ਸੀ ਬੀ ਆਈ ਅਤੇ ਸੁਣਵਾਈ ਅਦਾਲਤ ਕੋਰਟ ਨੂੰ ਮਨੀਪੁਰ ਜਿਨਸੀ ਹਿੰਸਾ ਕੇਸ ਦੇ ਦੋ ਅਹਿਮ ਪੀੜਤ-ਗਵਾਹਾਂ ਦੀ ਮੌਜੂਦਗੀ ਤੇ ਉਨ੍ਹਾਂ ਤੋਂ ਪੁੱਛ-ਪੜਤਾਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਸ਼ਮੂਲੀਅਤ ਵਾਲਾ ਬੈਂਚ ਇਸ ਕੇਸ ਵਿੱਚ ਦੋ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ ਰੱਦ ਕੀਤੇ ਜਾਣ ਦੀ ਮੰਗ ਕਰਦੀਆਂ ਸੀ ਬੀ ਆਈ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ। ਬੈਂਚ ਨੇ ਕਿਹਾ ਕਿ ਮੁਕੱਦਮੇ ਦੀ ਕਾਰਵਾਈ ਤੇਜ਼ੀ ਨਾਲ ਅੱਗੇ ਵਧਣੀ ਚਾਹੀਦੀ ਹੈ। ਕੋਰਟ ਨੇ ਏਜੰਸੀ ਨੂੰ ਟਰਾਇਲ ਕੋਰਟ ਵੱਲੋਂ ਨਿਰਧਾਰਿਤ ਤਰੀਕ ਉੱਤੇ ਦੋਵਾਂ ਪੀੜਤ-ਗਵਾਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਸੀ ਬੀ ਆਈ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਡੀ ਪੀ ਸਿੰਘ ਨੇ ਬੈਂਚ ਅੱਗੇ ਦਲੀਲ ਦਿੱਤੀ ਕਿ ਮੁਲਜ਼ਮ ਦੀ ਜ਼ਮਾਨਤ ’ਤੇ ਰਿਹਾਈ ਨਾਲ ਗਵਾਹਾਂ ਦੀ ਕੋਰਟ ਵਿੱਚ ਪੇਸ਼ੀ ਉੱਤੇ ਅਸਰ ਪੈ ਸਕਦਾ ਹੈ। ਸਿੰਘ ਨੇ ਕਿਹਾ, ‘‘ਪੀੜਤਾਂ ਦਾ ਬਹੁਤ ਹੀ ਘਿਨਾਉਣੇ ਢੰਗ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ... ਇਸ ਮਗਰੋਂ ਉਨ੍ਹਾਂ ਨੂੰ ਜਨਤਕ ਤੌਰ ’ਤੇ ਘੁਮਾਇਆ ਗਿਆ ਅਤੇ ਉਨ੍ਹਾਂ ਦੀ ਵੀਡੀਓ ਬਣਾਈ ਗਈ।’’ ਉਨ੍ਹਾਂ ਕੋਰਟ ਨੂੰ ਦੱਸਿਆ ਕਿ ਮੁਕੱਦਮਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉੱਧਰ, ਮੁਲਜ਼ਮ (ਜਿਸ ਦੀ ਜ਼ਮਾਨਤ ਨੂੰ ਚੁਣੌਤੀ ਦਿੱਤੀ ਗਈ ਹੈ) ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਾਦਾਨ ਫਰਾਸਾਤ ਨੇ ਦਾਅਵਾ ਕੀਤਾ ਕਿ ਸੀ ਬੀ ਆਈ ਹੁਣ ਤੱਕ ਲੋੜੀਂਦੀ ਰਫ਼ਤਾਰ ਨਾਲ ਮੁਕੱਦਮਾ ਸ਼ੁਰੂ ਨਹੀਂ ਕਰ ਸਕੀ ਹੈ। ਉਸ ਨੇ ਕਿਹਾ ਕਿ 30 ਦੇ ਕਰੀਬ ਗਵਾਹ ਹਨ ਅਤੇ ਕੇਸ ਆਪਣੀ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਹੈ। ਪੀੜਤਾਂ ਵੱਲੋਂ ਪੇਸ਼ ਵਕੀਲ ਨਿਜ਼ਾਮ ਪਾਸ਼ਾ ਨੇ ਕਿਹਾ ਕਿ ਸੁਣਵਾਈ ਦੀ ਪਿਛਲੀ ਤਰੀਕ ਨੂੰ ਜਨਤਕ ਛੁੱਟੀ ਸੀ ਜਦੋਂਕਿ ਇਕ ਪੀੜਤਾ ਨੂੰ ਡੇਂਗੂ ਹੈ। ਇਸ ਉੱਤੇ ਸੀ ਜੇ ਆਈ ਨੇ ਏਜੰਸੀ ਨੂੰ ਕਿਹਾ ਕਿ ਉਹ ਅਗਲੀ ਸੁਣਵਾਈ ਮੌਕੇ ਦੋਵਾਂ ’ਚੋਂ ਇਕ ਗਵਾਹ ਦੀ ਪੇਸ਼ੀ ਜ਼ਰੂਰ ਯਕੀਨੀ ਬਣਾਏ।

