ਭਾਜਪਾ ਆਗੂ ਐੱਨ ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਇੱਕ ਸਾਲ ਮਗਰੋਂ ਮਨੀਪੁਰ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਬੀਰੇਨ ਸਿੰਘ ਦੇ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਦੌਰਾਨ ਮਈ 2023 ਵਿੱਚ ਮੈਤੇਈ ਅਤੇ ਕੁੱਕੀ ਭਾਈਚਾਰਿਆਂ ਦਰਮਿਆਨ ਨਸਲੀ ਹਿੰਸਾ ਭੜਕ ਗਈ ਸੀ। ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਦੇ ਵਿਧਾਇਕ ਦਲ ਦੇ ਨੇਤਾ ਵਾਈ ਖੇਮਚੰਦ ਸਿੰਘ ਜੋ ਮਾਹਿਰ ਸਿਆਸਤਦਾਨ, ਪ੍ਰਸ਼ਾਸਕ ਅਤੇ ਤਾਇਕਵਾਂਡੋ ’ਚ ਬਲੈਕ ਬੈਲਟ ਪ੍ਰਾਪਤ ਹਨ, ਨੇ ਅੱਜ ਮਨੀਪੁਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਅਜੈ ਕੁਮਾਰ ਭੱਲਾ ਨੇ 62 ਸਾਲਾ ਖੇਮਚੰਦ ਸਿੰਘ ਨੂੰ ਅਹੁਦੇ ਦਾ ਹਲਫ਼ ਦਿਵਾਇਆ।
ਕੁੱਕੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਭਾਜਪਾ ਵਿਧਾਇਕਾ ਨੇਮਚਾ ਕਿਪਗੇਨ ਅਤੇ ਨਾਗਾ ਪੀਪਲਜ਼ ਫਰੰਟ (ਐੱਨ ਪੀ ਐੱਫ) ਦੇ ਵਿਧਾਇਕ ਐਲ ਡਿਖੋ ਨੇ ਮਨੀਪੁਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕਿਪਗੇਨ ਨੇ ਨਵੀਂ ਦਿੱਲੀ ਸਥਿਤ ਮਨੀਪੁਰ ਭਵਨ ਤੋਂ ਵਰਚੁਅਲੀ ਹਲਫ਼ ਲਿਆ।
ਭਾਜਪਾ ਦੇ ਗੋਵਿੰਦਾਸ ਕੋਂਥੌਜਮ ਅਤੇ ਐੱਨ ਪੀ ਪੀ ਨੇਤਾ ਕੇ. ਲੋਕੇਨ ਸਿੰਘ ਨੇ ਵੀ ਮੰਤਰੀ ਵਜੋਂ ਹਲਫ਼ ਲਿਆ। ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਹਟਾਏ ਜਾਣ ਤੋਂ ਕੁਝ ਘੰਟਿਆਂ ਮਗਰੋਂ ਇੱਥੇ ‘ਲੋਕ ਭਵਨ’ ਵਿੱਚ ਹਲਫ਼ਦਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਈ ਭਾਜਪਾ ਵਿਧਾਇਕ, ਪਾਰਟੀ ਦੇ ਸੀਨੀਅਰ ਅਹੁਦੇਦਾਰ ਅਤੇ ਸੂਬੇ ਦੇ ਮੁੱਖ ਸਿਆਸਤਦਾਨ ਮੌਜੂਦ ਸਨ।
ਬੀਰੇਨ ਸਿੰਘ ਨੇ ਪਿਛਲੇ ਸਾਲ 9 ਫਰਵਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਭਾਜਪਾ ਅੰਦਰ ਲੀਡਰਸ਼ਿਪ ਬਦਲਣ ਦੀ ਮੰਗ ਉੱਠ ਰਹੀ ਸੀ। ਵਿਰੋਧੀ ਧਿਰ ਵੀ ਉਨ੍ਹਾਂ ’ਤੇ ਸਥਿਤੀ ਨੂੰ ਕਾਬੂ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਅਸਤੀਫ਼ਾ ਦੇਣ ਦੀ ਮੰਗ ਕਰ ਰਹੀ ਸੀ। ਮਨੀਪੁਰ ਵਿੱਚ ਪਿਛਲੇ ਸਾਲ ਫਰਵਰੀ ਤੋਂ ਰਾਸ਼ਟਰਪਤੀ ਰਾਜ ਲਾਗੂ ਸੀ।
ਜ਼ਿਕਰਯੋਗ ਹੈ ਕਿ ਖੇਮਚੰਦ ਸਿੰਘ ਨੂੰ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਭਾਜਪਾ ਵਿਧਾਇਕ ਦਲ ਦਾ ਨੇਤਾ ਅਤੇ ਫਿਰ ਐੱਨ ਡੀ ਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ।
ਪਿਛਲੇ ਸਾਲ 9 ਫਰਵਰੀ ਨੂੰ ਮੈਤੇਈ ਅਤੇ ਕੁੱਕੀ ਭਾਈਚਾਰਿਆਂ ਵਿਚਾਲੇ ਕਈ ਮਹੀਨਿਆਂ ਤੱਕ ਚੱਲੀ ਨਸਲੀ ਹਿੰਸਾ ਮਗਰੋਂ ਬੀਰੇਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਸੀ ਜਿਸ ਬਾਅਦ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਇਆ ਗਿਆ ਸੀ।
ਮਨੀਪੁਰ ਵਿੱਚ ਹਿੰਸਾ ਦੌਰਾਨ ਕੁੱਕੀ ਅਤੇ ਮੈਤੇਈ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਸਮੇਤ ਘੱਟੋ-ਘੱਟ 260 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

