Manali Snowfall Rohtang: ਮਨਾਲੀ ਨੇੜੇ ਰੋਹਤਾਂਗ ਅਤੇ ਲਾਹੌਲ ਸਪਿਤੀ ਵਿਚ ਬਰਫਬਾਰੀ
ਪਹਾੜਾਂ ਦੀਆਂ ਟੀਸੀਆਂ ਬਰਫ ਦੀ ਚਿੱਟੀ ਚਾਦਰ ਨਾਲ ਢਕੀਆਂ; ਕੁੱਲੂ ਤੇ ਮਨਾਲੀ ਵਿਚ ਠੰਢ ਵਧੀ
Manali Snowfall Rohtang: ਕੁੱਲੂ-ਮਨਾਲੀ ਅਤੇ ਲਾਹੌਲ-ਸਪਿਤੀ ਵਿੱਚ ਅੱਜ ਮੌਸਮ ਦਾ ਮਿਜ਼ਾਜ ਬਦਲਿਆ। ਇੱਥੋਂ ਨੇੜਲੀਆਂ ਉਚੀਆਂ ਪਹਾੜੀਆਂ ਰੋਹਤਾਂਗ, ਬਾਰਲਾਚਾ ਅਤੇ ਸ਼ਿੰਕੁਲਾ ਦਰ੍ਹੇ ’ਤੇ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦਰਜ ਕੀਤੀ ਗਈ। ਇਸ ਨਾਲ ਪੂਰੇ ਖੇਤਰ ਵਿੱਚ ਠੰਢ ਵਧ ਗਈ ਹੈ ਅਤੇ ਸਰਦੀਆਂ ਦੇ ਸੈਰ-ਸਪਾਟਾ ਸੀਜ਼ਨ ਦੇ ਜਲਦੀ ਸ਼ੁਰੂ ਹੋਣ ਦੀਆਂ ਉਮੀਦਾਂ ਜਾਗ ਪਈਆਂ ਹਨ। ਰੋਹਤਾਂਗ ਦਰ੍ਹੇ 'ਤੇ ਸਵੇਰ ਤੋਂ ਹੀ ਲਗਪਗ ਚਾਰ ਇੰਚ ਬਰਫ਼ ਪਈ, ਜਦਕਿ ਬਾਰਲਾਚਾ ਅਤੇ ਸ਼ਿੰਕੁਲਾ 'ਤੇ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਨਾਲ ਉੱਚੀਆਂ ਚੋਟੀਆਂ ਚਿੱਟੀਆਂ ਚਾਦਰਾਂ ਨਾਲ ਢੱਕ ਗਈਆਂ ਹਨ।
ਹੋਟਲ ਮਾਲਕ ਖੁਸ਼; ਕਿਸਾਨਾਂ ਲਈ ਚੁਣੌਤੀਆਂ ਵਧੀਆਂ
ਇਸ ਅਚਾਨਕ ਬਦਲੇ ਮੌਸਮ ਨੇ ਸੈਰ-ਸਪਾਟਾ ਨਾਲ ਜੁੜੇ ਲੋਕਾਂ ਵਿੱਚ ਉਤਸ਼ਾਹ ਪੈਦਾ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਬਰਫ਼ਬਾਰੀ ਸੈਲਾਨੀਆਂ ਨੂੰ ਆਕਰਸ਼ਿਤ ਕਰੇਗੀ। ਕਾਰੋਬਾਰੀਆਂ ਬੁੱਧੀ ਪ੍ਰਕਾਸ਼, ਗਜੇਂਦਰ ਠਾਕੁਰ ਅਤੇ ਹੇਮ ਰਾਜ ਸ਼ਰਮਾ ਨੇ ਦੱਸਿਆ ਕਿ ਇਸ ਨਾਲ ਆਉਣ ਵਾਲੇ ਦੁਸਹਿਰਾ ਸੀਜ਼ਨ ਵਿੱਚ ਕਾਰੋਬਾਰ ਵਧਣ ਦੀ ਆਸ ਹੈ। ਹਾਲਾਂਕਿ, ਇਸ ਬਦਲਾਅ ਨੇ ਬਾਗ਼ਬਾਨਾਂ ਅਤੇ ਕਿਸਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ ਕਿਉਂਕਿ ਵਾਦੀ ਵਿੱਚ ਸੇਬ ਤੋੜਨ ਦਾ ਕੰਮ ਆਖ਼ਰੀ ਪੜਾਅ ਵਿੱਚ ਹੈ ਅਤੇ ਮੀਂਹ ਕਾਰਨ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਹੋਏ ਹਨ।
ਪ੍ਰਸ਼ਾਸਨ ਦੀ ਸਲਾਹ ਅਤੇ ਆਵਾਜਾਈ ਦੀ ਸਥਿਤੀ
ਫਿਲਹਾਲ ਦਰ੍ਹਿਆਂ 'ਤੇ ਆਵਾਜਾਈ ਆਮ ਵਾਂਗ ਚੱਲ ਰਹੀ ਹੈ ਪਰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਲਗਾਤਾਰ ਬਰਫ਼ਬਾਰੀ ਅਤੇ ਤੇਜ਼ ਠੰਢੀਆਂ ਹਵਾਵਾਂ ਕਾਰਨ ਮਨਾਲੀ-ਲੇਹ ਹਾਈਵੇਅ 'ਤੇ ਸਫ਼ਰ ਕਰਨਾ ਮੁਸ਼ਕਲ ਹੋ ਸਕਦਾ ਹੈ। ਲਾਹੌਲ-ਸਪਿਤੀ ਦੀ ਡਿਪਟੀ ਕਮਿਸ਼ਨਰ ਕਿਰਨ ਭਦਾਨਾ ਨੇ ਸੈਲਾਨੀਆਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਰਾਲਾਚਾ ਅਤੇ ਸ਼ਿੰਕੁਲਾ ਦਰ੍ਹੇ ਪਾਰ ਕਰਨ ਤੋਂ ਪਹਿਲਾਂ ਮੌਸਮ ਦੀ ਸਥਿਤੀ ਦਾ ਜਾਇਜ਼ਾ ਜ਼ਰੂਰ ਲੈਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

