DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਮਤਾ ਨੇ ਸੁਪਰੀਮ ਕੋਰਟ ’ਚ ਦਿੱਤੀਆਂ ਦਲੀਲਾਂ

ਜਮਹੂਰੀਅਤ ਬਚਾਉਣ ਖ਼ਾਤਰ ਅਦਾਲਤ ਦਾ ਦਖ਼ਲ ਮੰਗਿਆ

  • fb
  • twitter
  • whatsapp
  • whatsapp
featured-img featured-img
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੁਪਰੀਮ ਕੋਰਟ ਪੁੱਜਦੇ ਹੋਏ । -ਫੋਟੋ: ਪੀਟੀਆਈ
Advertisement

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸੁਪਰੀਮ ਕੋਰਟ ਵਿਚ ਜ਼ੋਰਦਾਰ ਢੰਗ ਨਾਲ ਅਪੀਲ ਕੀਤੀ ਕਿ ਉਹ ‘ਜਮਹੂਰੀਅਤ ਨੂੰ ਬਚਾਉਣ’ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਵਿੱਚ ਦਖ਼ਲ ਦੇਵੇ। ਬੈਨਰਜੀ ਨੇ ਕੋਰਟ ਵਿਚ ਖੁ਼ਦ ਦਲੀਲਾਂ ਦਿੰਦਿਆਂ ਦਾਅਵਾ ਕੀਤਾ ਕਿ ਇਸ ਅਮਲ ਰਾਹੀਂ ਸੂਬੇ ਨੂੰ ਨਿਸ਼ਾਨਾ ਤੇ ਇਸ ਦੇ ਲੋਕਾਂ ਨੂੰ ਦਬਕਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ‘ਕਿਸੇ ਵੀ ਬੇਕਸੂਰ ਸ਼ਖ਼ਸ ਨੂੰ ਵੋਟਰ ਸੂਚੀਆਂ ’ਚੋਂ ਬਾਹਰ ਨਾ ਕੀਤਾ ਜਾਵੇ।’

ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਮਮਤਾ ਵੱੱਲੋਂ ਦਾਇਰ ਪਟੀਸ਼ਨ ’ਤੇ ਚੋਣ ਕਮਿਸ਼ਨ ਅਤੇ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਤੋਂ 9 ਫਰਵਰੀ ਤੱਕ ਜਵਾਬ ਮੰਗ ਲਿਆ ਹੈ। ਬੈਂਚ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਪਣੇ ਵਕੀਲ ਤੇ ਸੀਨੀਅਰ ਐਡਵੋਕੇਟ ਸ਼ਿਆਮ ਦੀਵਾਨ ਦੀਆਂ ਦਲੀਲਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਸੀ।

Advertisement

ਬੈਨਰਜੀ ਨੇ ਦਾਅਵਾ ਕੀਤਾ, ‘‘ਪੱਛਮੀ ਬੰਗਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ।’’ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਇਹੀ ਪੈਮਾਨਾ ਅਸਾਮ ਵਿਚ ਲਾਗੂ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ, ‘‘ਉਹ ਪੱਛਮੀ ਬੰਗਾਲ ਦੇ ਲੋਕਾਂ ਨੂੰ ਦਬਕਾਉਣ ਲਈ ਸੂੁਬੇ ਨੂੰ ਨਿਸ਼ਾਨਾ ਬਣਾ ਰਹੇ ਹਨ। ਸਾਨੂੰ ਕਿਤੇ ਵੀ ਨਿਆਂ ਨਹੀਂ ਮਿਲ ਰਿਹਾ। ਮੈਂ ਚੋਣ ਕਮਿਸ਼ਨ ਨੂੰ ਛੇ ਪੱਤਰ ਲਿਖੇ ਹਨ।’’ ਸੁਣਵਾਈ ਮਗਰੋਂ ਬੈਨਰਜੀ ਨੇ ਜਿਰ੍ਹਾ ਦਾ ਮੌਕਾ ਦੇਣ ਲਈ ਬੈਂਚ ਦਾ ਧੰਨਵਾਦ ਕੀਤਾ। ਬੈਨਰਜੀ ਨੇ ਚੋਣ ਕਮਿਸ਼ਨ ਵੱਲੋਂ ਲਾਏ ਦੋਸ਼ਾਂ ਦਾ ਬਚਾਅ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਚੋਣ ਸੰਸਥਾ ਵੱਲੋਂ ਮੰਗੀ ਹਰੇਕ ਜਾਣਕਾਰੀ ਮੁਹੱਈਆ ਕੀਤੀ ਹੈ।

Advertisement

ਬੈਨਰਜੀ ਵੱਲੋਂ ਪੇਸ਼ ਹੋਏ ਦੀਵਾਨ ਨੇ ਵੋਟਰ ਸੂਚੀਆਂ ’ਚੋਂ ਬਾਹਰ ਕੱਢੇ ਵੱਡੀ ਗਿਣਤੀ ਵੋਟਰਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਸੁਝਾਅ ਉਪਾਵਾਂ ਲਈ ਬਹੁਤ ਥੋੜ੍ਹਾ ਸਮਾਂ ਬਚਿਆ ਹੈ ਕਿਉਂਕਿ ਇਹ ਅਮਲ 14 ਫਰਵਰੀ ਨੂੰ ਖਤਮ ਹੋਣਾ ਹੈ।

ਚੀਫ ਜਸਟਿਸ ਨੇ ਬੰਗਲਾ ਬੋਲੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਕਈ ਵਾਰ, ਇਸ ਕਾਰਨ ਨਾਮ ਗ਼ਲਤ ਲਿਖੇ ਜਾਂਦੇ ਹਨ। ਬੈਂਚ ਨੇ ਕਿਹਾ ਕਿ ਵੋਟਰ ਸੂਚੀ ਸੋਧ, ਕਈ ਵਾਰ ਪਰਵਾਸ ਨਾਲ ਵੀ ਸਬੰਧਤ ਹੈ, ਪਰ ਅਸਲ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ। ਚੀਫ ਜਸਟਿਸ ਨੇ ਕਿਹਾ, ‘‘ਹਰੇਕ ਸਮੱਸਿਆ ਦਾ ਹੱਲ ਹੈ ਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕੋਈ ਵੀ ਬੇਕਸੂਰ ਵਿਅਕਤੀ ਸੂਚੀ ’ਚੋਂ ਬਾਹਰ ਨਾ ਰਹੇ।’’

Advertisement
×