ਪੂਰਬਸਥਲੀ/ਸਵਰੂਪਨਗਰ, 18 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ’ਚ ਚੋਣਾਂ ਦੇ ਪਹਿਲੇ ਪੰਜ ਗੇੜਾਂ ’ਚ ਭਾਜਪਾ ਨੂੰ 180 ’ਚੋਂ 122 ਤੋਂ ਜ਼ਿਆਦਾ ਸੀਟਾਂ ਮਿਲਣਗੀਆਂ। ਦੋ ਥਾਵਾਂ ’ਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ਸੀਟ ਤੋਂ ਹਾਰ ਮਿਲਣ ਮਗਰੋਂ ਉਸ ਨੂੰ ਬਾਹਰ ਦਾ ਰਾਹ ਦੇਖਣਾ ਪਵੇਗਾ।
ਉਨ੍ਹਾਂ ਕਿਹਾ,‘‘ਦੀਦੀ ਦਾ ਚੋਣਾਂ ਦੇ ਪੰਜ ਗੇੜਾਂ ਮਗਰੋਂ ਹੀ ਮਨੋਬਲ ਡਿੱਗ ਗਿਆ ਹੈ। ਨੰਦੀਗ੍ਰਾਮ ਤੋਂ ਸ਼ੁਵੇਂਦੂ ਅਧਿਕਾਰੀ (ਭਾਜਪਾ ਉਮੀਦਵਾਰ) ਚੋਣ ਜਿੱਤਣ ਜਾ ਰਿਹਾ ਹੈ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਟੀਐੱਮਸੀ ਮੁਖੀ ਦਾ ਇਕੋ ਇਕ ਏਜੰਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਨੂੰ ਅਤੇ ਕੇਂਦਰੀ ਸੁਰੱਖਿਆ ਬਲਾਂ ਨੂੰ ਗਾਲ੍ਹਾਂ ਕੱਢਣਾ ਹੈ।
ਉਨ੍ਹਾਂ ਆਸ ਜਤਾਈ ਕਿ ਮੁੱਖ ਮੰਤਰੀ ਦੀ ਲੱਤ ਛੇਤੀ ਠੀਕ ਹੋ ਜਾਵੇਗੀ ਤਾਂ ਜੋ ਉਹ 2 ਮਈ ਤੋਂ ਬਾਅਦ ਰਾਜਪਾਲ ਨੂੰ ਅਸਤੀਫ਼ਾ ਦੇਣ ਲਈ ਖੁਦ ਚੱਲ ਕੇ ਜਾਵੇ। ਉਨ੍ਹਾਂ ਕਿਹਾ ਕਿ ਦੀਦੀ ਲਈ ਲੋਕ ਦੂਜੇ ਦਰਜੇ ਦੇ ਨਾਗਰਿਕ ਹਨ ਕਿਉਂਕਿ ਉਹ ਵੋਟ ਬੈਂਕ ਨਹੀਂ ਹਨ। ‘ਉਸ ਲਈ ਵੋਟ ਬੈਂਕ ਘੁਸਪੈਠੀਏ ਹਨ ਜੋ ਲੋਕਾਂ ਨੂੰ ਮਿਲਣ ਵਾਲੇ ਲਾਭ ਦਾ ਆਨੰਦ ਮਾਣਦੇ ਹਨ।’ ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਦੀ ਸਰਕਾਰ ਬਣਨ ਮਗਰੋਂ ਸਰਹੱਦ ਪਾਰੋਂ ਪਸ਼ੂਆਂ ਦੀ ਤਸਕਰੀ ਰੋਕ ਦਿੱਤੀ ਜਾਵੇਗੀ। -ਪੀਟੀਆਈ