ਮਮਤਾ ਨੇ ਮੋਦੀ ਦਾ ਅਸਤੀਫ਼ਾ ਮੰਗਿਆ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਕੀਤੀਆਂ ਚੋਣ ਰੈਲੀਆਂ ਦੌਰਾਨ ਕੋਲਕਾਤਾ ’ਚ ਹਮਲੇ ਕਰਨ ਦੀ ਪਾਕਿਸਤਾਨ ਵੱਲੋਂ ਦਿੱਤੀ ਗਈ ਧਮਕੀ ਦਾ ਮੁੱਦਾ ਕਿਉਂ ਨਹੀਂ ਚੁੱਕਿਆ। ਨਾਦੀਆ ਜ਼ਿਲ੍ਹੇ ’ਚ...
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਕੀਤੀਆਂ ਚੋਣ ਰੈਲੀਆਂ ਦੌਰਾਨ ਕੋਲਕਾਤਾ ’ਚ ਹਮਲੇ ਕਰਨ ਦੀ ਪਾਕਿਸਤਾਨ ਵੱਲੋਂ ਦਿੱਤੀ ਗਈ ਧਮਕੀ ਦਾ ਮੁੱਦਾ ਕਿਉਂ ਨਹੀਂ ਚੁੱਕਿਆ। ਨਾਦੀਆ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ, ‘‘ਤੁਸੀਂ (ਮੋਦੀ) ਚੋਣ ਰੈਲੀਆਂ ਦੌਰਾਨ ਬੰਗਾਲ ਨੂੰ ਨਿਸ਼ਾਨਾ ਬਣਾਉਂਦੇ ਹੋ ਪਰ ਜਦੋਂ ਪਾਕਿਸਤਾਨ, ਕੋਲਕਾਤਾ ’ਤੇ ਹਮਲੇ ਦੀ ਗੱਲ ਕਰਦਾ ਹੈ ਤਾਂ ਤੁਸੀਂ ਇਕ ਵੀ ਸ਼ਬਦ ਨਹੀਂ ਬੋਲਦੇ ਹੋ। ਤੁਹਾਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’’ ਮਮਤਾ ਨੇ ਕਿਹਾ ਕਿ ਜਿਵੇਂ ਦੇਸ਼ ਨੂੰ ਦਿੱਤੀ ਗਈ ਕੋਈ ਧਮਕੀ ਅਸੀਂ ਸਵੀਕਾਰ ਨਹੀਂ ਕਰਦੇ, ਉਸੇ ਤਰ੍ਹਾਂ ਕੋਲਕਾਤਾ ’ਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਟੀ ਐੱਮ ਸੀ ਮੁਖੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਕਾਂਗਰਸ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨਾਲ ‘ਗੁਪਤ ਸਮਝੌਤਾ’ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੇ ਕਈ ਆਈ ਏ ਐੱਸ ਅਤੇ ਆਈ ਪੀ ਐੱਸ ਅਧਿਕਾਰੀਆਂ ਨੂੰ ਚੋਣ ਨਿਗਰਾਨ ਵਜੋਂ ਦੱਖਣੀ ਸੂਬੇ ’ਚ ਭੇਜਿਆ ਗਿਆ ਹੈ, ਜਿਸ ਕਾਰਨ ਬੰਗਾਲ ਵਿੱਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜ ਸੂਬਿਆਂ ਵਿੱਚ ਇੱਕੋ ਸਮੇਂ ਚੋਣਾਂ ਹੋ ਰਹੀਆਂ ਹਨ ਪਰ ਚੋਣ ਕਮਿਸ਼ਨ ਨੇ ਸਿਰਫ਼ ਪੱਛਮੀ ਬੰਗਾਲ ਦੇ ਲਗਪਗ 500 ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ ਜਦਕਿ ਹੋਰ ਸੂਬਿਆਂ ਵਿੱਚ ਇਹ ਗਿਣਤੀ ਬਹੁਤ ਘੱਟ ਹੈ। ਬੈਨਰਜੀ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਗਵਾ ਪਾਰਟੀ ਖ਼ਿਲਾਫ਼ ਵਿਰੋਧੀ ਧਿਰ ’ਚ ਏਕਤਾ ਕਾਇਮ ਕਰਨ ਲਈ ਦੇਸ਼ ਦਾ ਦੌਰਾ ਕਰਨਗੇ।

