ਮੌਸਮ ਠੀਕ ਹੋਣ ਤੋਂ ਬਾਅਦ Mamata Banerjee ਦੇ ਜਹਾਜ਼ ਦੀ Kolkata Airport ’ਤੇ ਹੋਈ ਲੈਂਡਿੰਗ
ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਅਸਮਾਨ ਵਿੱਚ ਚੱਕਰ ਕੱਟਦਾ ਰਿਹਾ ਸੀ ਜਹਾਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਜਹਾਜ਼ ਅੱਜ ਸ਼ਾਮ ਕੋਲਕਾਤਾ ਹਵਾਈ ਅੱਡੇ ’ਤੇ ਉਤਰ ਨਾ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਮੁੱਖ ਮੰਤਰੀ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਅੰਡਾਲ ਵਿੱਚ ਚੋਣ ਰੈਲੀਆਂ ਕਰਨ ਤੋਂ ਬਾਅਦ ਰਾਜਧਾਨੀ ਵਾਪਸ ਪਰਤ ਰਹੇ ਸਨ, ਉਸੇ ਵੇਲੇ ਮੌਸਮ ਬਹੁਤ ਖ਼ਰਾਬ ਹੋ ਗਿਆ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ ਮੁੱਖ ਮੰਤਰੀ ਦਾ ਚਾਰਟਰਡ ਜਹਾਜ਼ ਸਹੀ ਸਮੇਂ ’ਤੇ ਲੈਂਡ ਨਹੀਂ ਕਰ ਸਕਿਆ। ਇਹ ਜਹਾਜ਼ ਦੁਪਹਿਰ 3:30 ਵਜੇ ਅੰਡਾਲ ਤੋਂ ਰਵਾਨਾ ਹੋਇਆ ਸੀ ਅਤੇ ਸ਼ਾਮ 4:00 ਵਜੇ ਕੋਲਕਾਤਾ ਪਹੁੰਚਣਾ ਸੀ ਪਰ ਖ਼ਰਾਬ ਮੌਸਮ ਕਾਰਨ ਇਸ ਨੂੰ ਕਾਫੀ ਦੇਰ ਤੱਕ ਹਵਾ ਵਿੱਚ ਹੀ ਚੱਕਰ ਕੱਟਣੇ ਪਏ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਉੱਪਰ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਮੁੱਖ ਮੰਤਰੀ ਦੇ ਜਹਾਜ਼ ਦੀ ਲੈਂਡਿੰਗ ਸੰਭਵ ਨਹੀਂ ਸੀ। ਇਸ ਖ਼ਰਾਬ ਮੌਸਮ ਨੂੰ ਦੇਖਦੇ ਹੋਏ ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਲਿਹਾਜ਼ ਨਾਲ ਲਗਪਗ 20 ਮਿੰਟਾਂ ਲਈ ਸਾਰੀਆਂ ਉਡਾਣਾਂ ਦੀ ਆਵਾਜਾਈ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਦਿੱਤੀ ਜਾਣੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬਚਿਆ ਜਾ ਸਕੇ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਜਹਾਜ਼ ਖ਼ਰਾਬ ਮੌਸਮ ਅਤੇ ਭਾਰੀ ਤੂਫ਼ਾਨ ਕਾਰਨ ਹੋਈ ਦੇਰੀ ਤੋਂ ਬਾਅਦ ਆਖਰਕਾਰ ਸ਼ਾਮ 5:19 ਵਜੇ ਕੋਲਕਾਤਾ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡ ਕਰਨ ਵਿੱਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਇਸ ਨੂੰ ਕਾਫੀ ਦੇਰ ਤੱਕ ਹਵਾ ਵਿੱਚ ਹੀ ਰਹਿਣਾ ਪਿਆ। ਮੌਸਮ ਵਿੱਚ ਥੋੜ੍ਹਾ ਸੁਧਾਰ ਹੋਣ ਤੋਂ ਬਾਅਦ ਹੀ ਪਾਇਲਟ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਗਈ।
ਇਸ ਤੋਂ ਪਹਿਲਾਂ ਕੋਲਕਾਤਾ ਵਿੱਚ ਅਚਾਨਕ ਆਏ ਤੂਫ਼ਾਨ ਅਤੇ ਮੀਂਹ ਕਾਰਨ ਹਵਾਈ ਅੱਡੇ 'ਤੇ ਉਡਾਣਾਂ ਦੀ ਆਵਾਜਾਈ ਲਗਪਗ 20 ਮਿੰਟਾਂ ਲਈ ਰੋਕ ਦਿੱਤੀ ਗਈ ਸੀ। ਮੁੱਖ ਮੰਤਰੀ ਅੰਡਾਲ ਤੋਂ ਚੋਣ ਰੈਲੀਆਂ ਕਰਕੇ ਵਾਪਸ ਪਰਤ ਰਹੇ ਸਨ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਦਾ ਜਹਾਜ਼ ਨਿਰਧਾਰਤ ਸਮੇਂ 'ਤੇ ਨਹੀਂ ਉਤਰ ਸਕਿਆ। ਅਧਿਕਾਰੀਆਂ ਮੁਤਾਬਕ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਮੁੱਖ ਮੰਤਰੀ ਸੁਰੱਖਿਅਤ ਹਵਾਈ ਅੱਡੇ 'ਤੇ ਪਹੁੰਚ ਚੁੱਕੇ ਹਨ।

