‘ਸੇਵਾ ਤੇ ਕਰਤੱਵ ਦੀ ਭਾਵਨਾ’ ਨੂੰ ਮਾਰਗਦਰਸ਼ਕ ਮੰਤਰ ਬਣਾਓ: C. P. Radhakrishnan
ਆਈ ਏ ਐੱਸ ਟਰੇਨੀ ਅਧਿਕਾਰੀਆਂ ਨੂੰ ਹਰੇਕ ਪਹਿਲਕਦਮੀ ਦਾ ਲਾਭ ਅੰਤਿਮ ਵਿਅਕਤੀ ਤੱਕ ਪੁੱਜਦਾ ਕਰਨ ਲਈ ਪ੍ਰੇਰਿਆ
ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਅੱਜ ਅਧਿਕਾਰੀਆਂ ਨੂੰ ‘ਸੇਵਾ ਦੀ ਭਾਵਨਾ ਅਤੇ ਕਰਤੱਵ ਦੀ ਭਾਵਨਾ’ ਨੂੰ ਆਪਣਾ ਮਾਰਗਦਰਸ਼ਕ ਮੰਤਰ ਬਣਾਉਣ ਦਾ ਹੋਕਾ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਆ ਕਿ ਹਰ ਵਿਕਾਸ ਕਾਰਜ ਦਾ ਲਾਭ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚੇ ਅਤੇ ਵਿਕਾਸ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ।
ਮਸੂਰੀ ਵਿੱਚ ‘ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟਰੇਸ਼ਨ’ (ਐੱਲ ਬੀ ਐੱਸ ਐੱਨ ਏ ਏ) ਵਿੱਚ ਆਈ ਏ ਐੱਸ ਸਿਖਲਾਈ ਅਧਿਕਾਰੀਆਂ ਦੇ 2024 ਬੈਚ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਧਾਕ੍ਰਿਸ਼ਨਨ ਨੇ ਸਿਖਲਾਈ ਦਾ ਦੂਜਾ ਪੜਾਅ ਪੂਰਾ ਕਰਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਵਲ ਸੇਵਾਵਾਂ ਨੇ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਜ਼ਮੀਨੀ ਪੱਧਰ ’ਤੇ ਨੀਤੀਆਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਕੜੀ ਵਜੋਂ ਭੂਮਿਕਾ ਨਿਭਾਈ ਹੈ।
‘ਵਿਕਸਿਤ ਭਾਰਤ 2047’ ਦੇ ਸੰਕਲਪ ਦਾ ਹਵਾਲਾ ਦਿੰਦੇ ਹੋਏ, ਰਾਧਾਕ੍ਰਿਸ਼ਨਨ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ ਹਰੇਕ ਵਿਕਾਸ ਪਹਿਲਕਦਮੀ ਦਾ ਲਾਭ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚੇ ਅਤੇ ਵਿਕਾਸ ਸਮੁੱਚਤਾ ਵਾਲਾ ਹੋਵੇ। ਸਮੂਹਿਕ ਕੰਮ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਨੌਜਵਾਨ ਅਧਿਕਾਰੀਆਂ ਨੂੰ ਸਿਰਫ਼ ਵਿਅਕਤੀਗਤ ਉੱਤਮਤਾ ਦੀ ਬਜਾਏ ਟੀਮ ਦੀ ਉੱਤਮਤਾ ਲਈ ਯਤਨ ਕਰਨ ਨੂੰ ਕਿਹਾ। ਉਨ੍ਹਾਂ ਤਾਕਤਵਰ ਅਤੇ ਤਾਲਮੇਲ ਵਾਲੀ ਟੀਮ ਬਣਾਉਣ, ਸਾਥੀਆਂ ਨੂੰ ਪ੍ਰੇਰਿਤ ਕਰਨ ਅਤੇ ਆਪਣੇ ਪੂਰਵਜਾਂ ਵੱਲੋਂ ਸਥਾਪਤ ਕੀਤੇ ਗਏ ਵਧੀਆ ਅਭਿਆਸਾਂ ਨੂੰ ਅੱਗੇ ਵਧਾਉਣ ਦੀ ਅਹਿਮੀਅਤ ’ਤੇ ਚਾਨਣਾ ਪਾਇਆ।
ਸਿਵਲ ਸੇਵਾਵਾਂ ਵਿੱਚ ਔਰਤਾਂ ਦੀ ਵਧਦੀ ਭਾਗੀਦਾਰੀ ਦਾ ਜ਼ਿਕਰ ਕਰਦਿਆਂ ਰਾਧਾਕ੍ਰਿਸ਼ਨਨ ਨੇ ਦੱਸਿਆ ਕਿ 2024 ਬੈਚ ਵਿੱਚ ਲਗਪਗ 41 ਫ਼ੀਸਦੀ ਮਹਿਲਾਵਾਂ ਹਨ। ਇਸ ਨੂੰ ‘ਨਾਰੀ ਸ਼ਕਤੀ’ ਦਾ ਸ਼ਾਨਦਾਰ ਸਬੂਤ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਤਿਭਾ ਰੂੜ੍ਹੀਵਾਦੀ ਸੋਚ ਤੋਂ ਉੱਪਰ ਉੱਠਦੀ ਹੈ ਅਤੇ ਦ੍ਰਿੜ੍ਹ ਇਰਾਦੇ ਨਾਲ ਅੜਿੱਕਿਆਂ ਨੂੰ ਪਾਰ ਕਰਦੀ ਹੈ।

