ਉਤਪਾਦਨ ’ਚ ਆਤਮ-ਨਿਰਭਰ ਬਣਨ ਤੱਕ ‘ਮੇਕ ਇਨ ਇੰਡੀਆ’ ਮਹਿਜ਼ ਭਾਸ਼ਣ: ਰਾਹੁਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੁਲਕ ’ਚ ‘ਮੇਕ ਇਨ ਇੰਡੀਆ’ ਦੇ ਨਾਮ ’ਤੇ ਸਿਰਫ਼ ਅਸੈਂਬਲਿੰਗ ਹੋ ਰਹੀ ਹੈ ਜਦਕਿ ਅਸਲ ’ਚ ਨਿਰਮਾਣ ਨਹੀਂ ਹੋ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਭਾਰਤ ਉਤਪਾਦਨ ’ਚ ਆਤਮ-ਨਿਰਭਰ ਨਹੀਂ ਬਣਦਾ, ਰੁਜ਼ਗਾਰ, ਵਿਕਾਸ ਅਤੇ ‘ਮੇਕ ਇਨ ਇੰਡੀਆ’ ਦੀਆਂ ਗੱਲਾਂ ਸਿਰਫ਼ ਭਾਸ਼ਣਾਂ ’ਚ ਹੀ ਰਹਿਣਗੀਆਂ। ਕਾਂਗਰਸ ਆਗੂ ਨੇ ਪਿਛਲੇ ਹਫ਼ਤੇ ਗਰੇਟਰ ਨੋਇਡਾ ’ਚ ਟੀਵੀ ਅਸੈਂਬਲ ਕਰਨ ਦੀ ਇਕ ਫੈਕਟਰੀ ਦੇ ਦੌਰੇ ਦੀ ਸੱਤ ਮਿੰਟ ਦੀ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ ਹੈ।
ਰਾਹੁਲ ਨੇ ਆਪਣੀ ਪੋਸਟ ’ਚ ਕਿਹਾ, ‘‘ਕੀ ਤੁਸੀਂ ਜਾਣਦੇ ਹੋ ਕਿ ਭਾਰਤ ’ਚ ਬਣੇ ਜ਼ਿਆਦਾਤਰ ਟੈਲੀਵਿਜ਼ਨ ਦੇ 80 ਫ਼ੀਸਦੀ ਪੁਰਜ਼ੇ ਚੀਨ ਤੋਂ ਆਉਂਦੇ ਹਨ। ‘ਮੇਕ ਇਨ ਇੰਡੀਆ’ ਦੇ ਨਾਮ ’ਤੇ ਅਸੀਂ ਸਿਰਫ਼ ਅਸੈਂਬਲ ਕਰ ਰਹੇ ਹਾਂ, ਅਸਲੀ ਨਿਰਮਾਣ ਨਹੀਂ ਹੋ ਰਿਹਾ ਹੈ। ਆਈਫੋਨ ਤੋਂ ਲੈ ਕੇ ਟੀਵੀ ਤੱਕ ਦੇ ਪੁਰਜ਼ੇ ਵਿਦੇਸ਼ ਤੋਂ ਆਉਂਦੇ ਹਨ, ਅਸੀਂ ਤਾਂ ਸਿਰਫ਼ ਜੋੜਦੇ ਹਾਂ।’’ ਉਨ੍ਹਾਂ ਕਿਹਾ ਕਿ ਛੋਟੇ ਉੱਦਮੀ ਨਿਰਮਾਣ ਕਰਨਾ ਚਾਹੁੰਦੇ ਹਨ ਪਰ ਨਾ ਨੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਹਿਯੋਗ ਮਿਲ ਰਿਹਾ ਹੈ ਸਗੋਂ ਮੋਟੇ ਟੈਕਸਾਂ ਦੇ ਨਾਲ ਨਾਲ ਵੱਡੇ ਕਾਰੋਬਾਰੀ ਅਦਾਰਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਬਦਲਾਅ ਚਾਹੀਦਾ ਹੈ ਤਾਂ ਜੋ ਭਾਰਤ ਅਸੈਂਬਲੀ ਲਾਈਨ ਤੋਂ ਨਿਕਲ ਕੇ ਨਿਰਮਾਣ ਦੇ ਖੇਤਰ ’ਚ ਤਾਕਤ ਬਣੇ ਅਤੇ ਚੀਨ ਨੂੰ ਬਰਾਬਰੀ ਦੀ ਟੱਕਰ ਦਿੱਤੀ ਜਾ ਸਕੇ।