Mahatma Gandhi ਦੀ ਹੱਥ-ਲਿਖਤ 16.2 ਕਰੋੜ ’ਚ ਵਿਕੀ
ਨਿਲਾਮੀ ’ਚ ਵਿਕਣ ਵਾਲੇ ਕਿਸੇ ਵੀ ਭਾਰਤੀ ਇਤਿਹਾਸਕ ਦਸਤਾਵੇਜ਼ ਲਈ ਆਲਮੀ ਰਿਕਾਰਡ ਕਾਇਮ ਕੀਤਾ
Mahatma Gandhi Auction: ਮਹਾਤਮਾ ਗਾਂਧੀ ਵੱਲੋਂ ਆਪਣੇ ਨਜ਼ਦੀਕੀ ਸਹਿਯੋਗੀ ਅਤੇ ਆਜ਼ਾਦੀ ਘੁਲਾਟੀਏ ਆਨੰਦ ਟੀ ਹਿੰਗੋਰਾਨੀ ਲਈ ਸੱਚ, ਅਹਿੰਸਾ ਅਤੇ ਸੇਵਾ ਵਰਗੇ ਵਿਸ਼ਿਆਂ ’ਤੇ ਲਿਖੇ 688 ਸਹੀਬੰਦ ਵਿਚਾਰਾਂ ਦਾ ਸੰਗ੍ਰਹਿ ਸੈਫਰਨਆਰਟ ਦੀ ਨਿਲਾਮੀ ਵਿੱਚ 16.20 ਕਰੋੜ ਰੁਪਏ ’ਚ ਵਿਕਿਆ। ਇਸ ਨੇ ਨਿਲਾਮੀ ਵਿੱਚ ਵਿਕਣ ਵਾਲੇ ਕਿਸੇ ਵੀ ਭਾਰਤੀ ਇਤਿਹਾਸਕ ਦਸਤਾਵੇਜ਼ ਲਈ ਆਲਮੀ ਰਿਕਾਰਡ ਕਾਇਮ ਕੀਤਾ ਹੈ।
ਹਿੰਗੋਰਾਨੀ ਦੀ ਪਤਨੀ ਵਿਦਿਆ ਦੀ ਮੌਤ ਤੋਂ ਬਾਅਦ ਦੋ ਸਾਲਾਂ ਦੇ ਅਰਸੇ ਦੌਰਾਨ ਲਿਖੇ ਮਾਰਗਦਰਸ਼ਨ, ਚਿੰਤਨ ਅਤੇ ਉਤਸ਼ਾਹ ਦੇ ਇਹ ਰੋਜ਼ਾਨਾ ਹੱਥ-ਲਿਖਤ ਸੁਨੇਹੇ ਬਾਅਦ ਵਿੱਚ ‘ਏ ਥੌਟ ਫਾਰ ਦਿ ਡੇਅ’ ਨਾਮ ਦੀ ਕਿਤਾਬ ਵਿੱਚ ਸੰਕਲਿਤ ਕੀਤੇ ਗਏ ਸਨ। ਇਹ ਦੋਵਾਂ ਦੇਸ਼-ਭਗਤਾਂ ਵਿਚਕਾਰ ਹੋਏ ਪੱਤਰ-ਵਿਹਾਰ ਦੇ ਸਭ ਤੋਂ ਨਿੱਜੀ ਬਚੇ ਹੋਏ ਰਿਕਾਰਡਾਂ ਵਿੱਚੋਂ ਇੱਕ ਹਨ। ‘ਗਾਂਧੀ: ਫ੍ਰੌਮ ਦਿ ਕਲੈਕਸ਼ਨ ਆਫ ਆਨੰਦ ਟੀ ਹਿੰਗੋਰਾਨੀ’ ਨਾਮ ਦੀ ਇਸ ਨਿਲਾਮੀ ਵਿੱਚ ਗਾਂਧੀ ਨਾਲ ਸਬੰਧਤ ਚਿੱਠੀਆਂ, ਹੱਥ-ਲਿਖਤਾਂ, ਤਸਵੀਰਾਂ ਅਤੇ ਨਿੱਜੀ ਵਸਤਾਂ ਦੇ 86 ਲਾਟ ਸ਼ਾਮਲ ਸਨ। ਨਿਲਾਮੀ ਘਰ ਅਨੁਸਾਰ, ਇਹ ਹੱਥ-ਲਿਖਤ ਸੱਚ, ਅਹਿੰਸਾ, ਬ੍ਰਹਮਚਾਰੀਆ, ਗ਼ੈਰ-ਕਬਜ਼ਾ, ਨਿਡਰਤਾ, ਧਾਰਮਿਕ ਸਮਾਨਤਾ, ਛੂਤ-ਛਾਤ ਦਾ ਖ਼ਾਤਮਾ, ਪ੍ਰਾਰਥਨਾ, ਰਾਮਨਾਮ, ਸੇਵਾ, ਕਿਰਤ, ਭੁੱਖ, ਕਰਤੱਵ, ਸਵਰਾਜ, ਨੈਤਿਕ ਜ਼ਿੰਮੇਵਾਰੀ, ਮੌਨ, ਜ਼ਮੀਰ, ਗ਼ੈਰ-ਲਗਾਉ, ਆਤਮ-ਗਿਆਨ ਅਤੇ ਪ੍ਰਭੂ ਦੀ ਭਾਲ ਵਰਗੇ ਵਿਸ਼ਿਆਂ ਨੂੰ ਸੰਬੋਧਿਤ ਕਰਦੀ ਹੈ। ਮੁੱਖ ਸਿਆਸੀ ਘਟਨਾਵਾਂ ਦੇ ਦਸਤਾਵੇਜ਼ੀਕਰਨ ਤੋਂ ਇਲਾਵਾ, ਇਹ ਸੰਗ੍ਰਹਿ ਗਾਂਧੀ ਦੇ ਜੀਵਨ ਦੇ ਡੂੰਘੇ ਨਿੱਜੀ ਪਹਿਲੂਆਂ ਨੂੰ ਵੀ ਜੱਗਜ਼ਾਹਰ ਕਰਦਾ ਹੈ। ਇਹ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਜਨਤਕ ਨੇਤਾ ਦੇ ਨਾਲ-ਨਾਲ ਉਸ ਨਿੱਜੀ ਇਨਸਾਨ ਦੀ ਝਲਕ ਵੀ ਪੇਸ਼ ਕਰਦਾ ਹੈ ਜਿਸ ਨੇ ਆਪਣੇ ਸਭ ਤੋਂ ਨਜ਼ਦੀਕੀ ਲੋਕਾਂ ਨੂੰ ਸਲਾਹ, ਦਿਲਾਸਾ, ਅਨੁਸ਼ਾਸਨ ਅਤੇ ਪਿਆਰ ਦਿੱਤਾ।

