ਮਹਾਰਾਸ਼ਟਰ: 264 ਮਿਉਂਸਿਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪੋਲਿੰਗ ਸ਼ੁਰੂ
ਮਹਾਰਾਸ਼ਟਰ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਪਹਿਲੇ ਪੜਾਅ ਤਹਿਤ ਮੰਗਲਵਾਰ ਨੂੰ 264 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਵਿਚ 6,042 ਸੀਟਾਂ ਅਤੇ ਕੌਂਸਲ ਪ੍ਰਧਾਨਾਂ ਦੇ 264 ਅਹੁਦਿਆਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7.30 ਵਜੇ ਸ਼ੁਰੂ ਹੋਈ ਅਤੇ ਸ਼ਾਮ 5.30 ਵਜੇ ਤੱਕ ਚੱਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਬਹੁ-ਪੱਧਰੀ ਪੇਂਡੂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਪਹਿਲੇ ਦੌਰ ਵਿੱਚ ਲਗਪਗ ਇੱਕ ਕਰੋੜ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਹਨ।
ਨਗਰ ਕੌਂਸਲ ਪ੍ਰਧਾਨਾਂ ਦੇ 264 ਅਹੁਦਿਆਂ ਅਤੇ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 6,042 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਅਧਿਕਾਰੀਆਂ ਅਨੁਸਾਰ, ਰਾਜ ਭਰ ਵਿੱਚ 12,316 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਅਤੇ 62,108 ਪੋਲਿੰਗ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸ਼ਾਂਤੀਪੂਰਨ ਵੋਟਿੰਗ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ (SEC) ਨੇ ਲੋੜੀਂਦੀ ਗਿਣਤੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM), 17,367 ਕੰਟਰੋਲ ਯੂਨਿਟਾਂ ਅਤੇ 34,734 ਬੈਲਟ ਯੂਨਿਟਾਂ ਦਾ ਪ੍ਰਬੰਧ ਕੀਤਾ ਹੈ।
ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਅਤੇ ਵਿਰੋਧੀ ਧਿਰ ਮਹਾਂ ਵਿਕਾਸ ਅਘਾੜੀ (ਐਮਵੀਏ) ਦੇ ਆਹਮੋ-ਸਾਹਮਣੇ ਆਉਣ ਨਾਲ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਬਣ ਗਿਆ ਹੈ। 4 ਨਵੰਬਰ ਨੂੰ ਐਲਾਨੀਆਂ ਗਈਆਂ 288 ਸਥਾਨਕ ਸੰਸਥਾਵਾਂ (ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ) ਲਈ ਚੋਣ ਪ੍ਰਕਿਰਿਆ ਦੋਵਾਂ ਧੜਿਆਂ ਵਿੱਚ ਕਾਨੂੰਨੀ ਉਲਝਣਾਂ ਅਤੇ ਸਹਿਯੋਗੀਆਂ ਵਿਚਕਾਰ ਝਗੜਿਆਂ ਨਾਲ ਭਰੀ ਹੋਈ ਹੈ।
ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਰਿਟਰਨਿੰਗ ਅਫਸਰਾਂ ਦੇ ਫੈਸਲਿਆਂ ਵਿਰੁੱਧ ਦਾਇਰ ਨਿਆਂਇਕ ਅਪੀਲਾਂ ਦੇ ਮੱਦੇਨਜ਼ਰ ਐਸਈਸੀ ਨੇ 24 ਸਥਾਨਕ ਸੰਸਥਾਵਾਂ ਵਿੱਚ ਵੋਟਿੰਗ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਵੱਖਰੇ ਤੌਰ ’ਤੇ ਚੱਲ ਰਹੇ ਅਦਾਲਤੀ ਮਾਮਲਿਆਂ ਕਾਰਨ 76 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 154 ਸੀਟਾਂ ਲਈ ਚੋਣਾਂ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
