ਸੰਭਾਜੀਨਗਰ (ਮਹਾਰਾਸ਼ਟਰ), 4 ਅਕਤੂਬਰ
ਨਾਂਦੇੜ ਦੇ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਡੀਨ ਤੋਂ ਗੰਦੇ ਪਖਾਨੇ ਸਾਫ਼ ਕਰਾਉਣ ਕਾਰਨ ਸ਼ਵਿ ਸੈਨਾ ਦੇ ਸੰਸਦ ਮੈਂਬਰ ਹੇਮੰਤ ਪਾਟਿਲ ’ਤੇ ਕੇਸ ਦਰਜ ਕੀਤਾ ਗਿਆ ਹੈ। ਪਾਟਿਲ 48 ਘੰਟਿਆਂ ਵਿੱਚ 31 ਮਰੀਜ਼ਾਂ ਦੀ ਮੌਤ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਇਸ ਹਸਪਤਾਲ ਵਿੱਚ ਆਏ ਸਨ। ਹਸਪਤਾਲ ਦੇ ਕਾਰਜਕਾਰੀ ਡੀਨ ਐੱਸਆਰ ਵਕੋਡੇ ਵੱਲੋਂ ਸਰਕਾਰੀ ਮੁਲਾਜ਼ਮ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਉਸ ਨੂੰ ਬੇਇੱਜ਼ਤ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ। ਹਿੰਗੋਲੀ ਤੋਂ ਸੰਸਦ ਮੈਂਬਰ ਪਾਟਿਲ 30 ਸਤੰਬਰ ਤੋਂ 2 ਅਕਤੂਬਰ ਦਰਮਿਆਨ 12 ਬੱਚਿਆਂ ਸਮੇਤ 31 ਮਰੀਜ਼ਾਂ ਦੀ ਮੌਤ ‘ਤੇ ਨਾਰਾਜ਼ ਸਨ ਤੇ ਉਹ ਡਾਕਟਰ ਸ਼ੰਕਰਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚੇ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿੱਚ ਪਾਟਿਲ ਨੂੰ ਵਕੋਡੇ ਨੂੰ ਝਾੜੂ ਦਿੰਦੇ ਅਤੇ ਗੰਦੇ ਪਖਾਨੇ ਸਾਫ਼ ਕਰਵਾਉਂਦੇ ਨਜ਼ਰ ਆ ਰਹੇ ਹਨ।