ਮੁੰਬਈ, 23 ਜੁਲਾਈ
ਮਹਾਰਾਸ਼ਟਰ ਦੇ ਸਾਹਿਲੀ ਰਾਏਗੜ੍ਹ ਜ਼ਿਲ੍ਹੇ ਦੇ ਪਿੰਡ ਤਲਾਈ ’ਚ ਜ਼ਮੀਨ ਖਿਸਕਣ ਕਾਰਨ 36 ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮਹਾੜ ਤਹਿਸੀਲ ’ਚ ਪੈਂਦੇ ਪਿੰਡ ’ਚ ਐੱਨਡੀਆਰਐੱਫ ਦੀਆਂ ਟੀਮਾਂ, ਸਥਾਨਕ ਆਫ਼ਤ ਪ੍ਰਬੰਧਨ ਸੈੱਲ ਦੇ ਮੁਲਾਜ਼ਮਾਂ, ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਥੇ ਬਚਾਅ ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਰਤਨਾਗਿਰੀ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ 10 ਵਿਅਕਤੀਆਂ ਦੇ ਮਲਬੇ ’ਚ ਫਸੇ ਹੋਣ ਦਾ ਖ਼ਦਸ਼ਾ ਹੈ। ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਮੋਬਾਈਲ ਨੈੱਟਵਰਕ ਵਿਗੜਨ ਕਾਰਨ ਉਥੇ ਲੋਕਾਂ ਅਤੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਚ ਮੁਸ਼ਕਲਾਂ ਆ ਰਹੀਆਂ ਹਨ। ਉਧਰ ਚਿਪਲੂਨ ਸ਼ਹਿਰ ਦੇ ਕਈ ਹਿੱਸਿਆਂ ’ਚ ਹੜ੍ਹਾਂ ਦੇ ਪਾਣੀ ਦਾ ਪੱਧਰ ਘਟਣ ਲੱਗ ਪਿਆ ਹੈ। ਉਂਜ ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਛੇ ਜ਼ਿਲ੍ਹਿਆਂ ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ, ਪੁਣੇ, ਸਤਾਰਾ ਅਤੇ ਕੋਲਹਾਪੁਰ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ।
ਰਾਏਗੜ੍ਹ ਦੀ ਜ਼ਿਲ੍ਹਾ ਕੁਲੈਕਟਰ ਨਿਧੀ ਚੌਧਰੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਘਟਨਾ ਵੀਰਵਾਰ ਦੇਰ ਸ਼ਾਮ ਵਾਪਰੀ ਪਰ ਹੜ੍ਹਾਂ ਕਾਰਨ ਸੜਕਾਂ ਬੰਦ ਹੋਣ ਕਰਕੇ ਬਚਾਅ ਟੀਮਾਂ ਨੂੰ ਮੌਕੇ ’ਤੇ ਪਹੁੰਚਣ ’ਚ ਮੁਸ਼ਕਲ ਹੋਈ। ਅਧਿਕਾਰੀਆਂ ਮੁਤਾਬਕ ਪਿੰਡ ’ਚ ਕਰੀਬ 30 ਘਰ ਸਨ ਜੋ ਬਿਲਕੁਲ ਹੀ ਨੁਕਸਾਨੇ ਜਾ ਚੁੱਕੇ ਹਨ। ਉਧਰ ਪੂਰਬੀ ਮੁੰਬਈ ਦੇ ਸ਼ਿਵਾਜੀ ਨਗਰ ਦੇ ਗੋਵੰਡੀ ’ਚ ਸ਼ੁੱਕਰਵਾਰ ਸਵੇਰੇ 5 ਵਜੇ ਇੱਕ ਇਮਾਰਤ ਦੇ ਡਿੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਬਚਾਅ ਦਲ ਦੇ ਅਧਿਕਾਰੀ ਨੇ ਦੱਸਿਆ ਕਿ ਮਲਬੇ ਹੇਠੋਂ 15 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਐੱਮਆਈ-17 ਹੈਲੀਕਾਪਟਰਾਂ ਨੇ ਰਤਨਾਗਿਰੀ ਜ਼ਿਲ੍ਹੇ ’ਚ ਹੜ੍ਹਾਂ ਦੇ ਪਾਣੀ ’ਚ ਫਸੇ ਦੋ ਵਿਅਕਤੀਆਂ ਨੂੰ ਬਚਾਇਆ। ਹਵਾਈ ਫ਼ੌਜ ਨੇ ਖ਼ਿੱਤੇ ’ਚ ਬਚਾਅ ਕਾਰਜਾਂ ਲਈ ਚਾਰ ਹੈਲੀਕਾਪਟਰ ਤਿਆਰ ਰੱਖੇ ਹੋਏ ਹਨ। -ਪੀਟੀਆਈ
ਸ਼ਾਹ ਨੇ ਊਧਵ ਤੋਂ ਹਾਲਾਤ ਦੀ ਜਾਣਕਾਰੀ ਲਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕਰਕੇ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲਿਆ ਅਤੇ ਰਾਏਗੜ੍ਹ ਵਿੱਚ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਸ਼ਾਹ ਨੇ ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਰਾਹੁਲ ਨੇ ਪਾਰਟੀ ਵਰਕਰਾਂ ਨੂੰ ਬਚਾਅ ਕਾਰਜ ਚਲਾਉਣ ਲਈ ਪ੍ਰੇਰਿਆ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਏਗੜ੍ਹ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਰਾਹਤ ਅਤੇ ਬਚਾਅ ਕਾਰਜਾਂ ’ਚ ਲੋਕਾਂ ਦੀ ਸਹਾਇਤਾ ਕਰਨ। ਉਨ੍ਹਾਂ ਟਵੀਟ ਕਰਕੇ ਪਾਰਟੀ ਵਰਕਰਾਂ ਨੂੰ ਤਿਲੰਗਾਨਾ ’ਚ ਵੀ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਕਿਹਾ ਹੈ।