ਰਾਏਪੁਰ, 23 ਅਗਸਤ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਦੇਵ ਐਪ ਮਨੀ ਲਾਂਡਰਿੰਗ ਕੇਸ ’ਚ ਕਥਿਤ ਸ਼ਮੂਲੀਅਤ ਲਈ ਇੱਕ ਪੁਲੀਸ ਅਧਿਕਾਰੀ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ’ਚ ਕੇਂਦਰੀ ਜਾਂਚ ਏਜੰਸੀ ਵੱਲੋਂ ਕਾਰੋਬਾਰੀ ਭਰਾਵਾਂ ਸੁਨੀਲ ਦਮਾਨੀ ਤੇ ਅਨਿਲ ਦਮਾਨੀ, ਏਐੱਸਆਈ ਚੰਦਰ ਭੂਸ਼ਣ ਵਰਮਾ ਅਤੇ ਸਤੀਸ਼ ਚੰਦਰਾਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਚਾਰੇ ਰਾਏਪੁਰ ਦੇ ਵਸਨੀਕ ਹਨ। ਏਜੰਸੀ ਦੇ ਵਕੀਲ ਸੌਰਭ ਪਾਂਡੇ ਨੇ ਦੱਸਿਆ ਕਿ ਈਡੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੀਐੱਮਐੱਲਏ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਵੱਲੋਂ ਮੁਲਜ਼ਮਾਂ ਨੂੰ ਛੇ ਦਿਨਾਂ ਲਈ ਈਡੀ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ। ਸੂਬਾ ਪੁਲੀਸ ਵੱਲੋਂ ਗ਼ੈਰਕਾਨੂੰਨੀ ਜੂਆ ਐਪ ‘ਮਹਾਦੇਵ’ ਖ਼ਿਲਾਫ਼ ਦੁਰਗ ਜ਼ਿਲ੍ਹੇ ਦੇ ਮੋਹਨ ਨਗਰ ਥਾਣੇ ’ਚ ਪਿਛਲੇ ਸਾਲ ਦਰਜ ਸ਼ਿਕਾਇਤ ਦੇ ਆਧਾਰ ’ਤੇ ਈਡੀ ਵੱਲੋਂ ਇਸ ਮਾਮਲੇ ’ਚ ਮਨੀ ਲਾਂਡਰਿੰਗ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਈਡੀ ਦੇ ਸੂਤਰਾਂ ਮੁਤਾਬਕ ਦਮਾਨੀ ਭਰਾ ਗਹਿਣਿਆਂ ਦੀ ੲਿੱਕ ਦੁਕਾਨ ਅਤੇ ਇੱਕ ਪੈਟਰੋਲ ਪੰਪ ਦੇ ਮਾਲਕ ਹਨ ਅਤੇ ਉਨ੍ਹਾਂ ਦੀ ਹਵਾਲਾ ਲੈਣ ਦੇਣ ’ਚ ਕਥਿਤ ਭੂਮਿਕਾ ਹੈ। ਪੁਲੀਸ ਅਧਿਕਾਰੀ ਵਰਮਾ ’ਤੇ ਹੋਰ ਮੁਲਜ਼ਮਾਂ ਨੂੰ ਪੁਲੀਸ ਕਾਰਵਾਈ ਤੋਂ ਬਚਾਉਣ ਲਈ ਉਨ੍ਹਾਂ ਤੋਂ ਪੈਸੇ ਲੈਣ ਦਾ ਦੋਸ਼ ਹੈ। ਇਹ ਸ਼ੱਕ ਹੈ ਕਿ ਉਸ ਨੇ ਹੋਰ ਪੁਲੀਸ ਅਧਿਕਾਰੀਆਂ ਨੂੰ ਵੀ ਪੈਸੇ ਦਿੱਤੇ ਸਨ, ਜਿਹੜੇ ਈਡੀ ਦੀ ਜਾਂਚ ਦੇ ਘੇਰੇ ’ਚ ਹਨ। ਸੂਤਰਾਂ ਮੁਤਾਬਕ ਸਤੀਸ਼ ਚੰਦਰਾਕਰ ਨੇ ਮੁਲਜ਼ਮਾਂ ਨੂੰ ਕਾਲਾ ਧਨ ਸਫੇਦ ਕਰਨ ਲਈ ਆਪਣੀ ਸ਼ਨਾਖਤ ਵਰਤਣ ਦੀ ਕਥਿਤ ਆਗਿਆ ਦਿੱਤੀ ਸੀ। -ਪੀਟੀਆਈ