ਲੁਧਿਆਣਾ ਤੋਂ ਗੁਜਰਾਤ: ਪੰਜਾਬ ਦੀ ਸ਼ਰਾਬ ਨਾਲ ਲੱਦਿਆ ਟਰੱਕ-ਟਰਾਲਾ ’ਚ ਰਾਜਸਥਾਨ ’ਚ ਜ਼ਬਤ
ਲੁਧਿਆਣਾ ਤੋਂ ਰਾਜਸਥਾਨ ਰਾਹੀਂ ਗੁਜਰਾਤ ਲਿਜਾਈ ਜਾ ਰਹੀ ਪੰਜਾਬ ਮਾਰਕਾ ਅੰਗਰੇਜ਼ੀ ਸ਼ਰਾਬ ਨਾਲ ਲੱਦਿਆ ਇੱਕ ਟਰੱਕ-ਟਰਾਲਾ, ਜੋ ਬਿਨਾਂ ਕਿਸੇ ਪਰਮਿਟ ਜਾਂ ਲਾਇਸੰਸ ਦੇ ਚੱਲ ਰਿਹਾ ਸੀ, ਹਨੂੰਮਾਨਗੜ੍ਹ ਵਿੱਚ ਭਾਰਤਮਾਲਾ ਪ੍ਰੋਜੈਕਟ ਰੂਟ 'ਤੇ ਪਿੰਡ ਧੀਰਦੇਸਰ ਦੇ ਨੇੜੇ ਜ਼ਬਤ ਕੀਤਾ ਗਿਆ...
ਲੁਧਿਆਣਾ ਤੋਂ ਰਾਜਸਥਾਨ ਰਾਹੀਂ ਗੁਜਰਾਤ ਲਿਜਾਈ ਜਾ ਰਹੀ ਪੰਜਾਬ ਮਾਰਕਾ ਅੰਗਰੇਜ਼ੀ ਸ਼ਰਾਬ ਨਾਲ ਲੱਦਿਆ ਇੱਕ ਟਰੱਕ-ਟਰਾਲਾ, ਜੋ ਬਿਨਾਂ ਕਿਸੇ ਪਰਮਿਟ ਜਾਂ ਲਾਇਸੰਸ ਦੇ ਚੱਲ ਰਿਹਾ ਸੀ, ਹਨੂੰਮਾਨਗੜ੍ਹ ਵਿੱਚ ਭਾਰਤਮਾਲਾ ਪ੍ਰੋਜੈਕਟ ਰੂਟ 'ਤੇ ਪਿੰਡ ਧੀਰਦੇਸਰ ਦੇ ਨੇੜੇ ਜ਼ਬਤ ਕੀਤਾ ਗਿਆ ਹੈ।
ਗ਼ੌਰਤਲਬ ਹੈ ਕਿ ਲੁਧਿਆਣਾ ਤੋਂ 225 ਕਿਲੋਮੀਟਰ ਦੂਰ ਅੰਤਰਰਾਜੀ ਸਰਹੱਦ 'ਤੇ ਸੰਗਰੀਆ ਨੇੜੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ, ਪੁਲੀਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਚੈੱਕ ਪੋਸਟ ਹੈ। ਇਹ ਟਰੱਕ ਬਿਨਾਂ ਕਿਸੇ ਜਾਂਚ ਦੇ ਇਸ ਚੈੱਕ ਪੋਸਟ ਨੂੰ ਵੀ ਪਾਰ ਕਰ ਗਿਆ ਅਤੇ ਭਾਰਤਮਾਲਾ ਪ੍ਰੋਜੈਕਟ ਰੋਡ 'ਤੇ ਦਾਖਲ ਹੋ ਗਿਆ। ਜੇ ਅੰਤਰਰਾਜੀ ਸਰਹੱਦ 'ਤੇ ਟਰੱਕ ਦੀ ਚੈਕਿੰਗ ਕੀਤੀ ਗਈ ਹੁੰਦੀ ਅਤੇ ਇਸ ਦੇ ਕੰਸਾਈਨਮੈਂਟ ਨੋਟ ਬਾਰੇ ਪੁੱਛਿਆ ਗਿਆ ਹੁੰਦਾ, ਤਾਂ ਸ਼ਰਾਬ ਉੱਥੇ ਹੀ ਫੜੀ ਜਾ ਸਕਦੀ ਸੀ। ਇਸ ਲਾਪਰਵਾਹੀ ਕਾਰਨ ਪੰਜਾਬ ਨੂੰ ਆਬਕਾਰੀ ਡਿਊਟੀ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਹਨੂੰਮਾਨਗੜ੍ਹ ਦੇ ਪੁਲੀਸ ਸੁਪਰਡੈਂਟ ਹਰੀ ਸ਼ੰਕਰ ਨੇ ਦੱਸਿਆ ਕਿ ਪੱਲੂ ਥਾਣੇ ਅਤੇ ਜ਼ਿਲ੍ਹਾ ਸਪੈਸ਼ਲ ਟੀਮ (DST) ਦੀ ਸਾਂਝੀ ਟੀਮ ਨੇ ਸ਼ੱਕੀ ਹੋਣ 'ਤੇ ਭਾਰਤਮਾਲਾ ਪ੍ਰੋਜੈਕਟ ਰੋਡ 'ਤੇ ਟਰੱਕ-ਟਰਾਲੇ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਟਰੱਕ 'ਚੋਂ ਰਾਇਲ ਚੈਲੇਂਜ, ਰਾਇਲ ਸਟੈਗ ਅਤੇ ਆਲ ਸੀਜ਼ਨ ਬ੍ਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਦੀਆਂ ਕੁੱਲ 1503 ਪੇਟੀਆਂ ਬਰਾਮਦ ਹੋਈਆਂ। ਟਰੱਕ ਡਰਾਈਵਰ ਪ੍ਰਕਾਸ਼ ਕੁਮਾਰ ਬਿਸ਼ਨੋਈ (22), ਵਾਸੀ ਵਦਾਨਿਆ, ਜ਼ਿਲ੍ਹਾ ਜਾਲੌਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲੀਸ ਸੂਤਰਾਂ ਅਨੁਸਾਰ ਪ੍ਰਕਾਸ਼ ਬਿਸ਼ਨੋਈ ਨੂੰ ਸ਼ਰਾਬ ਤਸਕਰਾਂ ਨੇ ਲੁਧਿਆਣਾ ਤੋਂ ਗੁਜਰਾਤ ਤੱਕ ਖੇਪ ਪਹੁੰਚਾਉਣ ਬਦਲੇ ਮਾਮੂਲੀ ਰਕਮ ਦੇਣ ਦਾ ਲਾਲਚ ਦਿੱਤਾ ਸੀ। ਲੁਧਿਆਣਾ ਵਿੱਚ ਕੁਝ ਲੋਕ ਪ੍ਰਕਾਸ਼ ਦਾ ਟਰੱਕ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ ਅਤੇ ਬਾਅਦ ਵਿੱਚ ਸ਼ਰਾਬ ਨਾਲ ਲੱਦ ਕੇ ਉਸ ਨੂੰ ਵਾਪਸ ਕਰ ਦਿੱਤਾ। ਰਾਜਸਥਾਨ-ਗੁਜਰਾਤ ਸਰਹੱਦ ਦੇ ਨੇੜੇ ਪਹੁੰਚਣ 'ਤੇ ਪ੍ਰਕਾਸ਼ ਨੂੰ ਅਗਲੀਆਂ ਹਦਾਇਤਾਂ ਮਿਲਣੀਆਂ ਸਨ ਕਿ ਟਰੱਕ ਕਿੱਥੇ ਪਹੁੰਚਾਉਣਾ ਹੈ। ਪੁਲੀਸ ਨੂੰ ਪ੍ਰਕਾਸ਼ ਦੇ ਮੋਬਾਈਲ 'ਤੇ ਇੱਕ ਸ਼ੱਕੀ ਨੰਬਰ ਮਿਲਿਆ ਹੈ, ਜਿਸ ਨੂੰ ਤਸਕਰਾਂ ਦਾ ਪਤਾ ਲਗਾਉਣ ਲਈ ਟਰੈਕ ਕੀਤਾ ਜਾ ਰਿਹਾ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੀ ਗਈ ਸ਼ਰਾਬ ਪੰਜਾਬ ਵਿੱਚ ਬਣੀ ਸੀ, ਪਰ ਬੋਤਲਾਂ ਤੋਂ ਅਸਲੀ ਬੈਚ ਮਾਰਕ ਹਟਾ ਕੇ ਨਕਲੀ ਲੇਬਲ ਲਗਾ ਦਿੱਤੇ ਗਏ ਸਨ। ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਗੁਜਰਾਤ ਦੇ ਤਸਕਰਾਂ ਨੇ ਇੰਨੀ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਮੰਗਵਾਉਣ ਲਈ ਪੰਜਾਬ ਦੇ ਕਿਸੇ ਠੇਕੇਦਾਰ ਨਾਲ ਸੰਪਰਕ ਕੀਤਾ ਸੀ।
ਇਸ ਮਾਮਲੇ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਹੈ ਕਿ ਟਰੱਕ ਵਿੱਚ ਸ਼ਰਾਬ ਦੀਆਂ ਪੇਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਸ਼ਰਾਬ ਕਿਸੇ ਹੋਰ ਸਾਮਾਨ ਦੀ ਆੜ ਵਿੱਚ ਨਹੀਂ ਲਿਜਾਈ ਜਾ ਰਹੀ ਸੀ। ਡਰਾਈਵਰ ਕੋਲ ਕਿਸੇ ਕਿਸਮ ਦਾ ਕੋਈ ਬਿੱਲ ਜਾਂ ਦਸਤਾਵੇਜ਼ ਨਹੀਂ ਸੀ। ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣਾ ਤੋਂ ਰਾਜਸਥਾਨ ਵੱਲ ਰਵਾਨਾ ਹੋਏ ਟਰੱਕ ਨੂੰ ਪੰਜਾਬ ਵਿੱਚ ਕਿਸੇ ਵੀ ਫਲਾਇੰਗ ਸਕੁਐਡ ਜਾਂ ਚੈੱਕ ਪੋਸਟ 'ਤੇ ਨਾ ਤਾਂ ਕੰਸਾਈਨਮੈਂਟ ਨੋਟ ਬਾਰੇ ਪੁੱਛਿਆ ਗਿਆ ਅਤੇ ਨਾ ਹੀ ਉਸ ਦੀ ਜਾਂਚ ਕੀਤੀ ਗਈ।

