ਮੇਰਠ, 3 ਜੂਨ
ਪੰਜਾਬ ਦੀ ਇਕ ਔਰਤ ਨੂੰ ਵਰਗਲਾ ਕੇ ਉਸ ਨਾਲ ਵਿਆਹ ਕਰਨ ਅਤੇ ਮਗਰੋਂ ਉਸ ਦਾ ਕਥਿਤ ਬੇਰਹਿਮੀ ਨਾਲ ਕਤਲ ਕਰਨ ਵਾਲਾ ਮੁਲਜ਼ਮ ਸ਼ਾਕਬਿ ਉੱਤਰ ਪ੍ਰਦੇਸ਼ ਪੁਲੀਸ ਦੀ ਹਿਰਾਸਤ ’ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਮੌਕੇ ਪੁਲੀਸ ਦੀ ਗੋਲੀ ਨਾਲ ਹਲਾਕ ਹੋ ਗਿਆ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਵਸਨੀਕ 23 ਸਾਲਾ ਔਰਤ ਦੀ ਸਿਰ ਅਤੇ ਹੱਥ ਵੱਢੀ ਲਾਸ਼ ਇਕ ਵਰ੍ਹੇ ਪਹਿਲਾਂ (13 ਜੂਨ ਨੂੰ) ਲੋਹੀਆ ਪਿੰਡ ਦੇ ਖੇਤ ’ਚੋਂ ਬਰਾਮਦ ਹੋਈ ਸੀ। ਮੇਰਠ ਪੁਲੀਸ ਨੇ ਔਰਤ ਦੀ ਹੱਤਿਆ ਦੇ ਦੋਸ਼ ਵਿੱਚ ਸ਼ਾਕਬਿ, ਉਹਦੇ ਭਰਾ ਮੁਸੱਰਤ, ਪਿਤਾ ਮੁਸਤਕੀਮ, ਭਰਜਾਈਆਂ ਰੇਸ਼ਮਾ ਤੇ ਇਸਮਤ ਤੇ ਉਸ ਦੇ ਦੋਸਤ ਅਯਾਨ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਤੋਂ ਥਾਣੇ ਲਿਜਾਣ ਮੌਕੇ ਸ਼ਾਕਬਿ ਸਿਪਾਹੀ ਦੀ ਪਿਸਤੌਲ ਖੋਹ ਕੇ ਭੱਜ ਗਿਆ। ਪਿੱਛਾ ਕਰਨ ’ਤੇ ਸ਼ਾਕਬਿ ਨੇ ਸਿਪਾਹੀ ਨੂੰ ਗੋਲੀ ਮਾਰ ਦਿੱਤੀ। ਸਥਾਨਕ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਸਿਵਾਇਆ ਦੇ ਜੰਗਲ ਵਿੱਚ ਸ਼ਾਕਬਿ ਨੂੰ ਘੇਰ ਲਿਆ ਗਿਆ ਅਤੇ ਗੋਲੀ ਲੱਗਣ ਕਾਰਨ ਸ਼ਾਕਬਿ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। -ਪੀਟੀਆਈ