ਲਖਨਊ, 1 ਸਤੰਬਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਪੀਜੀਆਈ ਕੋਤਵਾਲੀ ਖੇਤਰ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦਾ ਵਿਰੋਧ ਕਰਨ ’ਤੇ ਲੜਕੀ ਨੂੰ 16 ਵਾਰ ਚਾਕੂ ਮਾਰ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਨੌਜਵਾਨ ਨੇ ਆਪਣੀ ਕੋਚਿੰਗ ਕਲਾਸ ਤੋਂ ਸਕੂਟੀ ‘ਤੇ ਵਾਪਸ ਆ ਰਹੀ ਲੜਕੀ ਨੂੰ ਧੂਹ ਲਿਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਵੀਰਵਾਰ ਨੂੰ ਵਾਪਰੀ। ਲੜਕੀ ਨੇ ਵਿਰੋਧ ਕੀਤਾ ਅਤੇ ਮੁਲਜ਼ਮ ਪੰਕਜ ਰਾਵਤ ਅਤੇ ਉਸ ਦੇ ਦੋਸਤਾਂ ਨੇ ਉਸ ਦੇ ਰੌਲਾ ਪਾਉਣ ਤੋਂ ਪਹਿਲਾਂ ਹੀ 16 ਵਾਰ ਚਾਕੂ ਮਾਰੇ। ਲੜਕੀ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ। ਖਬਰਾਂ ਮੁਤਾਬਕ ਪੰਕਜ ਰਾਵਤ ਸਾਲ ਤੋਂ ਪੀੜਤਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ ਨੇ ਇਸ ਸਬੰਧੀ ਪੀਜੀਆਈ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਸੀ ਪਰ ਉਸ ਸਮੇਂ ਪੁਲੀਸ ਨੇ ਮਾਮਲਾ ਸੁਲਝਾ ਲਿਆ ਸੀ। ਮਾਮਲੇ ‘ਚ ਪਿਤਾ ਦੀ ਸ਼ਿਕਾਇਤ ‘ਤੇ ਪੀਜੀਆਈ ਕੋਤਵਾਲੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀਜੀਆਈ ਦੇ ਇੰਸਪੈਕਟਰ ਰਾਣਾ ਰਾਜੇਸ਼ ਸਿੰਘ ਨੇ ਦੱਸਿਆ ਕਿ ਪੰਕਜ ਅਤੇ ਉਸ ਦੇ ਦੋਸਤਾਂ ਦੀ ਭਾਲ ਲਈ ਪੁਲੀਸ ਦੀਆਂ ਚਾਰ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਕੁਝ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਲੜਕੀ ਦੀ ਹਾਲਤ ਨਾਜ਼ੁਕ ਹੈ।