ਲਖਨਊ, 21 ਸਤੰਬਰ
ਇਥੋਂ ਦੇ ਚਿਨਹਟ ਖੇਤਰ ਵਿੱਚ ਦਿਆਲ ਰੈਜ਼ੀਡੈਂਸੀ ਵਿੱਚ ਅੱਜ ਤੜਕੇ ਬੀਬੀਡੀ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬੀਕਾਮ (ਆਨਰਜ਼) ਦੀ ਵਿਦਿਆਰਥਣ ਨਿਸ਼ਟਾ ਤ੍ਰਿਪਾਠੀ ਵਜੋਂ ਹੋਈ ਹੈ। ਉਹ ਦਿਆਲ ਰੈਜ਼ੀਡੈਂਸੀ ‘ਤੇ ਗਈ ਸੀ ਕਿਉਂਕਿ ਉਸ ਦੇ ਦੋਸਤ ਆਦਿਤਿਆ ਪਾਠਕ ਨੇ ਉਸ ਨੂੰ ਬੁਲਾਇਆ ਸੀ। ਪੁਲੀਸ ਮੁਤਾਬਕ ਜਿਸ ਅਪਾਰਟਮੈਂਟ ‘ਚ ਇਹ ਵਾਰਦਾਤ ਹੋਈ, ਉੱਥੇ ਦੇਰ ਰਾਤ ਪਾਰਟੀ ਹੋਈ। ਫਲੈਟ ‘ਚੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਅਚਾਨਕ ਗੋਲੀਬਾਰੀ ਦਾ ਮਾਮਲਾ ਸੀ ਜਾਂ ਫਿਰ ਗੋਲੀਬਾਰੀ ਕਿਸੇ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤੀ ਗਈ ਸੀ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਈ ਹੋਰ ਵਿਦਿਆਰਥੀ ਦੇਰ ਰਾਤ ਦੀ ਪਾਰਟੀ ਵਿੱਚ ਸਨ। ਨਿਸ਼ਟਾ ਤ੍ਰਿਪਾਠੀ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਲੋਹੀਆ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮੁੱਖ ਮੁਲਜ਼ਮ ਆਦਿਤਿਆ ਪਾਠਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਇਸ ਮਾਮਲੇ ‘ਚ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪਾਰਟੀ ਵਿਚ ਮੌਜੂਦ ਹੋਰ ਵਿਅਕਤੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।