ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ : The Tribune India

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਦੇਸ਼ ਦੇ ਜਮਹੂਰੀ ਸੁਭਾਅ ਲਈ ਡਟੇ ਰਹਿਣ ਦਾ ਅਹਿਦ ਦੁਹਰਾਇਆ

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ:ਪੀਟੀਆਈ

ਨਵੀਂ ਦਿੱਲੀ, 25 ਮਾਰਚ

ਮੁੱਖ ਅੰਸ਼

  • ਬੇਨਾਮੀ ਕੰਪਨੀਆਂ ’ਚ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ’ਤੇ ਉਠਾਏ ਸਵਾਲ
  • ਹਮਾਇਤ ਲਈ ਵਿਰੋਧੀ ਪਾਰਟੀਆਂ ਦਾ ਧੰਨਵਾਦ ਕੀਤਾ

ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਸਦ ਤੋਂ ਉਮਰ ਭਰ ਲਈ ਵੀ ਅਯੋਗ ਠਹਿਰਾਅ ਦਿੱਤਾ ਜਾਂਦਾ ਹੈ ਜਾਂ ਫਿਰ ਸਲਾਖਾਂ ਪਿੱਛੇ ਡੱਕਿਆ ਜਾਂਦਾ ਹੈ, ਉਹ ਦੇਸ਼ ਦੇ ਜਮਹੂਰੀ ਸੁਭਾਅ ਦਾ ਬਚਾਅ ਕਰਦੇ ਰਹਿਣਗੇ। ਗਾਂਧੀ ਨੇ ਦਾਅਵਾ ਕੀਤਾ ਕਿ ‘ਭੈਅਭੀਤ’ ਹੋਈ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਪੇਸ਼ਕਦਮੀ ਨੇ ਵਿਰੋਧੀ ਧਿਰ ਹੱਥ ‘ਹਥਿਆਰ’ ਫੜਾ ਦਿੱਤਾ ਹੈ। ਉਨ੍ਹਾਂ ਬੇਨਾਮੀ ਕੰਪਨੀਆਂ ’ਚ 20 ਹਜ਼ਾਰ ਕਰੋੜ ਦੇ ਨਿਵੇਸ਼ ’ਤੇ ਵੀ ਸਵਾਲ ਉਠਾਏ। 

ਲੋਕ ਸਭਾ ਦੀ ਮੈਂਬਰੀ ਰੱਦ ਕੀਤੇ ਜਾਣ ਮਗਰੋਂ ਆਪਣੀ ਪਲੇਠੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਯੋਗ ਠਹਿਰਾਇਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਮੁੱਦੇ ’ਤੇ ਉਨ੍ਹਾਂ ਦੀ ਅਗਲੀ ਤਕਰੀਰ ਤੋਂ ‘ਡਰੇ’ ਹੋੲੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪੂਰੇ ਮਸਲੇ ’ਤੇ ਕਥਿਤ ਭਾਜੜ ਪਈ ਹੋਈ ਹੈ ਤੇ ਇਹ ‘ਪੂਰੀ ਖੇਡ’ ਲੋਕਾਂ ਦਾ ਧਿਆਨ ਵੰਡਾਉਣ ਲਈ ਸੀ। ਗਾਂਧੀ ਨੇ ਕਿਹਾ ਕਿ ਬੁਨਿਆਦੀ ਸਵਾਲ ਹੁਣ ਵੀ ਇਹੀ ਹੈ ਕਿ ਅਡਾਨੀ ਦੀਆਂ ਬੇਨਾਮੀ ਫਰਮਾਂ ਵਿੱਚ 20,000 ਕਰੋੜ ਰੁਪਿਆ ਕਿਸ ਨੇ ਨਿਵੇਸ਼ ਕੀਤਾ। ਕਾਂਗਰਸ ਆਗੂ ਨੇ ਸਾਫ਼ ਕਰ ਦਿੱਤਾ ਕਿ ਉਹ ਇਸ ਮੁੱਦੇ ਨੂੰ ਉਭਾਰਦੇ ਰਹਿਣਗੇ।

ਰਾਹੁਲ ਗਾਂਧੀ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਮੈਂ ਇਥੇ ਭਾਰਤ ਦੇ ਲੋਕਾਂ ਦੀ ਜਮਹੂਰੀ ਆਵਾਜ਼ ਦਾ ਬਚਾਅ ਕਰ ਰਿਹਾ ਹਾਂ, ਮੈਂ ਇਹ ਕਰਦਾ ਰਹਾਂਗਾ। ਮੈਂ ਅਯੋਗਤਾ, ਦੋਸ਼ਾਂ ਜਾਂ ਜੇਲ੍ਹ ਦੀ ਸਜ਼ਾਵਾਂ ਜਿਹੀਆਂ ਧਮਕੀਆਂ ਤੋਂ ਨਹੀਂ ਡਰਦਾ। ਮੈਂ ਉਨ੍ਹਾਂ ਤੋਂ ਨਹੀਂ ਡਰਦਾ। ਇਹ ਲੋਕ ਅਜੇ ਤੱਕ ਮੈਨੂੰ ਨਹੀਂ ਸਮਝ ਸਕੇ, ਮੈਂ ਉਨ੍ਹਾਂ ਤੋਂ ਨਹੀਂ ਡਰਦਾ।’’ ਗਾਂਧੀ ਨੇ ਕਿਹਾ ਕਿ ਉਹ ਇਹ ਸਵਾਲ ਪੁੱਛਦੇ ਰਹਿਣਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰੋਬਾਰੀ ਗੌਤਮ ਅਡਾਨੀ ਨਾਲ ਕੀ ਰਿਸ਼ਤਾ ਹੈ। ਪ੍ਰੈੱਸ ਕਾਨਫਰੰਸ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਕੇ.ਸੀ.ਵੇਣੂਗੋਪਾਲ ਵੀ ਮੌਜੂਦ ਸਨ।

ਗਾਂਧੀ ਨੇ ਕਿਹਾ, ‘‘ਮੈਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਮੇਰੀ ਅਗਲੀ ਤਕਰੀਰ ਤੋਂ ਭੈਅਭੀਤ ਹਨ। ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਡਰ ਵੇਖਿਆ ਹੈ। ਲਿਹਾਜ਼ਾ ਉਹ ਮੇਰੀ ਅਗਲੀ ਤਕਰੀਰ ਤੋਂ ਡਰੇ ਹੋਏ ਸਨ, ਜੋ ਆਉਣ ਵਾਲੀ ਸੀ ਤੇ ਉਹ ਨਹੀਂ ਚਾਹੁੰਦੇ ਕਿ ਇਹ ਤਕਰੀਰ ਸੰਸਦ ਵਿੱਚ ਹੋਵੇ।’’ ਲੋਕ ਸਭਾ ਦੀ ਮੈਂਬਰੀ ਬਹਾਲ ਕੀਤੇ ਜਾਣ ਦੀ ਆਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ, ‘‘ਮੈਂ ਆਸ ਵਿੱਚ ਦਿਲਚਸਪੀ ਨਹੀਂ ਰੱਖਦਾ। (ਭਾਵੇਂ) ਮੈਨੂੰ ਮੇਰੀ ਮੈਂਬਰਸ਼ਿਪ ਮਿਲੇ ਜਾਂ ਨਾ, ਮੈਂ ਆਪਣਾ ਕੰਮ ਕਰਾਂਗਾ। ਜੇਕਰ ਉਹ ਮੈਨੂੰ ਸਥਾਈ ਤੌਰ ’ਤੇ ਅਯੋਗ ਠਹਿਰਾਅ ਵੀ ਦੇਣ, ਤਾਂ ਵੀ ਮੈਂ ਆਪਣਾ ਕੰਮ ਕਰਦਾ ਰਹਾਂਗਾ। ਜੇਕਰ ਉਹ ਮੈਨੂੰ ਬਹਾਲ ਕਰ ਦੇਣਤਾਂ ਵੀ ਮੈਂ ਆਪਣਾ ਕੰਮ ਕਰਦਾ ਰਹਾਂਗਾ। ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਸੰਸਦ ਵਿੱਚ ਹਾਂ ਜਾਂ ਫਿਰ ਬਾਹਰ।’’ ਗਾਂਧੀ ਨੇ ਦੁਹਰਾਇਆ ਕਿ ਉਨ੍ਹਾਂ ਨੂੰ ਸੰਸਦ ਤੋਂ ਉਮਰ ਭਰ ਲਈ ਅਯੋਗ ਠਹਿਰਾਉਣ ਜਾਂ ਜੇਲ੍ਹੀਂ ਡੱਕਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤੇ ਉਹ ਆਪਣੇ ਰਾਹ ’ਤੇ ਤੁਰਦੇ ਰਹਿਣਗੇ।

ਕਾਂਗਰਸ ਆਗੂ ਨੇ ਵਿਰੋਧੀ ਪਾਰਟੀਆਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਕੇ ਆਖਿਆ ਕਿ ਅੱਗੇ ਵਧਦੇ ਹੋਏ ਉਹ ਸਾਰੇ ਮਿਲ ਕੇ ਕੰਮ ਕਰਨਗੇ। ਆਪਣੀ ਅਯੋਗਤਾ ਦੇ ਸਿੱਟਿਆਂ ਬਾਰੇ ਪੁੱਛਣ ’ਤੇ ਗਾਂਧੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਮੋਦੀ ਦੇ ਬੁਖਲਾਹਟ ਵਾਲੇ ਇਸ ਪ੍ਰਤੀਕਰਮ’ ਦਾ ਵਿਰੋਧੀ ਧਿਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਗਾਂਧੀ ਨੇ ਕਿਹਾ, ‘‘ਉਨ੍ਹਾਂ ਸਾਡੇ ਹੱਥ ਇਹ ਹਥਿਆਰ ਫੜਾਇਆ ਹੈ। ਉਹ ਸਹਿਮ ਗਏ ਸਨ ਕਿ ਸੱਚ ਸਾਹਮਣੇ ਆ ਜਾਵੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਲਈ ‘‘ਦੇਸ਼ ਅਡਾਨੀ ਹੈ ਤੇ ਅਡਾਨੀ ਹੀ ਦੇਸ਼ ਹੈ।’’ਭਾਜਪਾ ਦੇ ਇਸ ਦੋਸ਼ ਕਿ ਕਾਂਗਰਸ ਆਗੂ ਵੱਲੋਂ 2019 ਵਿੱਚ ‘ਮੋਦੀ ਉਪਨਾਮ’ ਨੂੰ ਲੈ ਕੇ ਕੀਤੀ ਟਿੱਪਣੀ, ਜੋ ਮਾਣਹਾਨੀ ਕੇਸ ਦਾ ਕੇਂਦਰਬਿੰਦੂ ਸੀ, ਹੋਰਨਾਂ ਪੱਛੜੀਆਂ ਸ਼੍ਰੇਣੀਆਂ  ਦਾ ਨਿਰਾਦਰ ਸੀ, ਗਾਂਧੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਭਾਈਚਾਰੇ ਦੀ ਗੱਲ ਕੀਤੀ ਹੈ ਤੇ ਇਹ ਮਸਲਾ ਓਬੀਸੀ’ਜ਼ ਬਾਰੇ ਨਹੀਂ ਬਲਕਿ ਅਡਾਨੀ ਤੇ ਉਸ ਦੇ ਸਰਕਾਰ ਨਾਲ ਰਿਸ਼ਤਿਆਂ ਬਾਰੇ ਸੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ, ‘‘ਮੇਰਾ ਨਾਮ ਸਾਵਰਕਰ ਨਹੀਂ ਹੈ, ਗਾਂਧੀ ਹੈ ਤੇ ਗਾਂਧੀ ਕਦੇ ਮੁਆਫ਼ੀ ਨਹੀਂ ਮੰਗਦੇ।’’ ਅਦਾਲਤੀ ਫੈਸਲੇ ਬਾਰੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ। -ਪੀਟੀਆਈ

ਕਾਨੂੰਨਘਾੜਿਆਂ ਨੂੰ ਅਯੋਗ ਠਹਿਰਾਉਣ ਸਬੰਧੀ ਕਾਨੂੰਨ ਨੂੰ ਸੁਪਰੀਮ ਕੋਰਟ ’ਚ ਚੁਣੌਤੀ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਦੇ ਇਕ ਦਿਨ ਮਗਰੋਂ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਖ਼ਲ ਕਰਕੇ ਕਾਨੂੰਨਘਾੜਿਆਂ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਜਾਂ ਉਸ ਤੋਂ ਵੱਧ ਜੇਲ੍ਹ ਦੀ ਸਜ਼ਾ ਸੁਣਾਏ ਜਾਣ ’ਤੇ ਜਨਪ੍ਰਤੀਨਿਧ ਐਕਟ ਦੀ ਧਾਰਾ 8(3) ਤਹਿਤ ‘ਆਪਣੇ ਆਪ ਹੀ ਅਯੋਗ’ ਠਹਿਰਾਏ ਜਾਣ ਦੇ ਕਾਨੂੰਨ ਨੂੰ ਚੁਣੌਤੀ ਦਿੱਤੀ ਗਈ ਹੈ। ਕੇਰਲਾ ਆਧਾਰਿਤ ਇਕ ਸਮਾਜਿਕ ਕਾਰਕੁਨ ਆਭਾ ਮੁਰਲੀਧਰਨ ਵੱਲੋਂ ਦਾਖ਼ਲ ਅਰਜ਼ੀ ’ਚ ਕਿਹਾ ਗਿਆ ਹੈ ਕਿ ਸਿਖਰਲੀ ਅਦਾਲਤ ਦਾ ਰੁਖ ਕਰਨ ਦਾ ਫੌਰੀ ਕਾਰਨ ਅਪਰਾਧਿਕ ਮਾਣਹਾਨੀ ਦੇ ਮਾਮਲੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ਨਾਲ ਸਬੰਧਤ ਹਾਲੀਆ ਘਟਨਾਕ੍ਰਮ ਹੈ। ਅਰਜ਼ੀਕਾਰ ਨੇ ਇਹ ਮੰਗ ਕੀਤੀ ਕਿ ਜਨਪ੍ਰਤੀਨਿਧ ਕਾਨੂੰਨ, 1951 ਦੀ ਧਾਰਾ 8(3) ਤਹਿਤ ਆਪਣੇ ਆਪ ਹੀ ਅਯੋਗ ਠਹਿਰਾਏ ਜਾਣ ਸਬੰਧੀ ਕਦਮ ‘ਮਨਮਾਨਾ’ ਅਤੇ ‘ਗ਼ੈਰਕਾਨੂੰਨੀ’ ਹੋਣ ਕਾਰਨ ਸੰਵਿਧਾਨ ਵਿਰੁੱਧ ਹੈ। ਅਰਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਲੋਕਾਂ ਦੇ ਨੁਮਾਇੰਦਿਆਂ ਦੀ ਵਿਧਾਨਕ ਅਦਾਰਿਆਂ ’ਚ ਚੋਣ ਤੋਂ ਆਪਣੇ ਆਪ ਹੀ ਅਯੋਗਤਾ ਉਨ੍ਹਾਂ ਨੂੰ ਸਬੰਧਤ ਹਲਕਿਆਂ ਦੇ ਵੋਟਰਾਂ ਵੱਲੋਂ ਸੌਂਪੇ ਗਏ ਫਰਜ਼ਾਂ ਨੂੰ ਨਿਭਾਉਣ ਤੋਂ ਰੋਕਦੀ ਹੈ ਜੋ ਲੋਕਤੰਤਰ ਦੇ ਸਿਧਾਂਤਾਂ ਖ਼ਿਲਾਫ਼ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਸੰਸਦ ਮੈਂਬਰ ਲੋਕਾਂ ਦੀ ਆਵਾਜ਼ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਲੱਖਾਂ ਹਮਾਇਤੀਆਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੁੰਦਾ ਹੈ। -ਪੀਟੀਆਈ

ਕਾਂਗਰਸ ਵੱਲੋਂ ਦੇਸ਼ ਭਰ ਿਵੱਚ ‘ਸੱਤਿਆਗ੍ਰਹਿ’ ਅੱਜ

ਨਵੀਂ ਦਿੱਲੀ: ਰਾਹੁਲ ਗਾਂਧੀ ਦੇ ਹੱਕ ’ਚ ਕਾਂਗਰਸ 26 ਮਾਰਚ ਨੂੰ ਸਾਰੇ ਸੂਬਿਆਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਮਹਾਤਮਾ ਗਾਂਧੀ ਦੇ ਬੁੱਤਾਂ ਸਾਹਮਣੇ ਇੱਕ ਦਿਨ ਦਾ ‘ਸੱਤਿਆਗ੍ਰਹਿ’ ਕਰੇਗੀ। ਇਹ ਸੱਤਿਆਗ੍ਰਹਿ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਕੌਮੀ ਰਾਜਧਾਨੀ ਵਿੱਚ ਰਾਜ ਘਾਟ ’ਤੇ ਸੱਤਿਆਗ੍ਰਹਿ ਦੀ ਅਗਵਾਈ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਤੇ ਪ੍ਰਿਯੰਕਾ ਗਾਂਧੀ ਵਾਡਰਾ ਕਰਨਗੇ। -ਪੀਟੀਆਈ

ਰਾਹੁਲ ਗਾਂਧੀ ਦੇ ਕੇਸ ਦਾ ਅਡਾਨੀ ਮਾਮਲੇ ਨਾਲ ਕੋਈ ਸਬੰਧ ਨਹੀਂ: ਪ੍ਰਸਾਦ

ਪਟਨਾ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਇਸ ਲਈ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਮੁੱਦੇ ’ਤੇ ਉਨ੍ਹਾਂ ਦੇ ਸਵਾਲਾਂ ਤੋਂ ‘ਡਰਦੇ’ ਹਨ। ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਮਗਰੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ੍ਰੀ ਪ੍ਰਸਾਦ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਗੁਜਰਾਤ ਦੀ ਇੱਕ ਅਦਾਲਤ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ’ਤੇ ਸਟੇਅ ਦੀ ਮੰਗ ਨਹੀਂ ਕੀਤੀ ਤਾਂ ਕਿ ਉਹ ਇਸ ਦਾ ਲਾਹਾ ਕਰਨਾਟਕ ਚੋਣਾਂ ਵਿੱਚ ਉਠਾ ਸਕੇ। ਕਰਨਾਟਕ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘‘ਪ੍ਰਿਯੰਕਾ ਗਾਂਧੀ ਵਾਡਰਾ ਦਾ ਬਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਾਂਗਰਸ ਨੇ ਕਰਨਾਟਕ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਕਾਨੂੰਨੀ ਮਾਹਿਰਾਂ ਦੀਆਂ ਸੇਵਾਵਾਂ ਨਹੀਂ ਲਈਆਂ। ਪਵਨ ਖੇੜਾ ਦੇ ਮਾਮਲੇ ਵਿੱਚ ਦਿਖਾਈ ਗਈ ਫੁਰਤੀ ਇੱਥੇ ਨਾਕਾਮ ਰਹੀ। ਇਸ ਨੂੰ ਹੋਰ ਕੀ ਸਮਝਿਆ ਜਾ ਸਕਦਾ ਹੈ?’’ ਭਾਜਪਾ ਆਗੂ ਨੇ ਕਿਹਾ, ‘‘ਮੈਂ ਇੱਥੇ ਅਡਾਨੀ ਬਾਰੇ ਗੱਲ ਨਹੀਂ ਕਰ ਰਿਹਾ। ਪਰ ਰਾਹੁਲ ਗਾਂਧੀ ਨੇ ਆਪਣੀ ਅਯੋਗਤਾ ਨੂੰ ਅਡਾਨੀ ਨਾਲ ਜੋੜ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਉਹ ਇੱਕ ਕੇਸ ਵਿੱਚ ਦੋਸ਼ੀ ਹਨ, ਜੋ 2019 ਵਿੱਚ ਕੀਤੀ ਟਿੱਪਣੀ ਦੇ ਮਾਣਹਾਨੀ ਨਾਲ ਸਬੰਧਤ ਹੈ।’’  -ਪੀਟੀਆਈ 

ਭਾਜਪਾ ਨੇ ਇਕ ਆਵਾਜ਼ ਬੰਦ ਕਰਨੀ ਚਾਹੀ, ਹੁਣ ਪੂਰਾ ਵਿਸ਼ਵ ਭਾਰਤ ਦੀ ਆਵਾਜ਼ ਸੁਣ ਰਿਹੈ: ਥਰੂਰ

ਤਿਰੂਵਨੰਤਪੁਰਮ: ਸੀਨੀਅਰ ਕਾਂਗਰਸ ਆਗੂ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਨੂੰ ਹੇਠਲੇ ਸਦਨ ਦੀ ਮੈਂਬਰੀ ਤੋਂ ਅਯੋਗ ਠਹਿਰਾਏ ਜਾਣ ਦੇ ਹਵਾਲੇ ਨਾਲ ਅੱਜ ਕਿਹਾ ਕਿ ਭਾਜਪਾ ਇਕ ਆਵਾਜ਼ ਨੂੰ ਖਾਮੋਸ਼ ਕਰਨਾ ਚਾਹੁੰਦੀ ਹੈ, ਪਰ ਹੁਣ ਕੁੱਲ ਆਲਮ ਦੇ ਹਰੇਕ ਕੋਨੇ ਵਿੱਚ ਭਾਰਤ ਦੀ ਆਵਾਜ਼ ਸੁਣੀ ਜਾ ਰਹੀ ਹੈ। ਉਨ੍ਹਾਂ ਦਾ ਇਸ਼ਾਰਾ ਵਿਦੇਸ਼ੀ ਮੀਡੀਆ ਵੱਲ ਸੀ, ਜਿਸ ਵੱਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾ ਰਿਹਾ ਹੈ। ਕਾਂਗਰਸ ਆਗੂ ਨੇ ਇਕ ਟਵੀਟ ਵਿੱਚ ਕਿਹਾ, ‘‘ਉਨ੍ਹਾਂ (ਭਾਜਪਾ) ਇਕ ਆਵਾਜ਼ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਕੁੱਲ ਆਲਮ ਵੱਲੋਂ ਭਾਰਤ ਦੀ ਆਵਾਜ਼ ਸੁਣੀ ਜਾ ਰਹੀ ਹੈ।’’ ਥਰੂਰ ਨੇ ਟਵੀਟ ਦੇ ਨਾਲ ਗਾਰਡੀਅਨ ਆਸਟਰੇਲੀਆ, ਸਪੈਨਿਸ਼ ਟੈਲੇਮੁੰਡੋ, ਜਰਮਨੀ ਦੇ ਫਰੈਂਕਫਰਟਰ ਆਲਜੇਮਾਈਨ, ਸਾਊਦੀ ਅਰਬ ਦੇ ਅਸ਼ਰਕ ਨਿਊਜ਼, ਫਰਾਂਸ ਦੇ ਆਰਐੱਫਆਈ, ਸੀਐੱਨਐੱਨ ਬ੍ਰਾਸੀਲ ਵੱਲੋਂ ਕੀਤੀ ਕਵਰੇਜ ਵੀ ਸਾਂਝੀ ਕੀਤੀ। -ਪੀਟੀਆਈ 

ਰਾਹੁਲ ਨੂੰ ਅਯੋਗ ਠਹਿਰਾਉਣਾ ਸੰਵਿਧਾਨ ਦੇ ਮੁੱਢਲੇ ਸਿਧਾਂਤਾਂ ਦੇ ਉਲਟ: ਪਵਾਰ

ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਮੈਂਬਰ ਵਜੋਂ ਅਯੋਗ ਠਹਿਰਾਉਣਾ ਸੰਵਿਧਾਨ ਦੇ ਮੁੱਢਲੇ ਸਿਧਾਂਤਾਂ ਖ਼ਿਲਾਫ਼ ਹੈ। ਉਨ੍ਹਾਂ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਜਮਹੂਰੀ ਕਦਰਾਂ-ਕੀਮਤਾਂ ’ਚ ਨਿਘਾਰ ਦੀ ਗੱਲ ਉਜਾਗਰ ਹੋ ਗਈ ਹੈ। ਐੱਨਸੀਪੀ ਸੁਪਰੀਮੋ ਨੇ ਕਿਹਾ,‘‘ਸਾਡਾ ਸੰਵਿਧਾਨ ਹਰੇਕ ਵਿਅਕਤੀ ਨੂੰ ਢੁੱਕਵੇਂ ਇਨਸਾਫ਼, ਪ੍ਰਗਟਾਵੇ ਦੀ ਆਜ਼ਾਦੀ ਅਤੇ ਬਰਾਬਰੀ ਦੇ ਮੌਕਿਆਂ ਦਾ ਅਧਿਕਾਰ ਦਿੰਦਾ ਹੈ। ਸਾਨੂੰ ਆਪਣੇ ਲੋਕਰਾਜੀ ਅਦਾਰਿਆਂ ਦੀ ਰਾਖੀ ਲਈ ਰਲ ਕੇ ਸੰਘਰਸ਼ ਕਰਨ ਦੀ ਲੋੜ ਹੈ।’’ ਉਨ੍ਹਾਂ ਐੱਨਸੀਪੀ ਦੇ ਲਕਸ਼ਦੀਪ ਤੋਂ ਸੰਸਦ ਮੈਂਬਰ ਮੁਹੰਮਦ ਫ਼ੈਜ਼ਲ ਨੂੰ ਅਯੋਗ ਠਹਿਰਾਏ ਜਾਣ ਦਾ ਵੀ ਹਵਾਲਾ ਦਿੱਤਾ ਜਿਸ ਦੀ ਸਜ਼ਾ ਕੇਰਲਾ ਹਾਈ ਕੋਰਟ ਨੇ ਬਾਅਦ ’ਚ ਮੁਅੱਤਲ ਕਰ ਦਿੱਤੀ ਸੀ। -ਪੀਟੀਆਈ  

ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਰਾਹੁਲ ਨੂੰ ਅਯੋਗ ਠਹਿਰਾਏ ਜਾਣ ਦੀ ਨਿਖੇਧੀ

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੰਸਦ ਵਿਚੋਂ ਅਯੋਗ ਠਹਿਰਾਇਆ ਜਾਣਾ ਗਾਂਧੀਵਾਦੀ ਫਲਸਫ਼ੇ ਤੇ ਭਾਰਤ ਦੀਆਂ ਕਦਰਾਂ-ਕੀਮਤਾਂ ਨਾਲ ਵੱਡਾ ਧੋਖਾ ਹੈ। ਖੰਨਾ ਨੇ ਟਵੀਟ ਕਰਦਿਆਂ ਕਿਹਾ, ‘ਮੇਰੇ ਦਾਦਾ ਜੀ ਨੇ ਕਈ ਸਾਲ ਇਸ ਲਈ ਜੇਲ੍ਹ ਵਿਚ ਨਹੀਂ ਬਿਤਾਏ ਸਨ। ਨਰਿੰਦਰ ਮੋਦੀ ਤੁਹਾਡੇ ਕੋਲ ਭਾਰਤੀ ਲੋਕਤੰਤਰ ਖਾਤਰ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਤਾਕਤ ਹੈ।’ ਅਯੋਗ ਠਹਿਰਾਏ ਜਾਣ ਦੇ ਬਾਵਜੂਦ ਰਾਹੁਲ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਹੈ ਕਿ ‘ਭਾਰਤ ਦੀ ਆਵਾਜ਼ ਨੂੰ ਬਹਾਲ ਕਰਨ ਲਈ ਉਹ ਸੰਘਰਸ਼ ਜਾਰੀ ਰੱਖਣਗੇ।’ -ਏਐੱਨਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All