ਐੱਸ ਆਈ ਆਰ ਮੁੱਦੇ ’ਤੇ ਲੋਕ ਸਭਾ ਤੇ ਰਾਜ ਸਭਾ ’ਚ ਹੰਗਾਮਾ
ਲੋਕ ਸਭਾ ’ਚ ਬਹਿਸ ਕਰਾਉਣ ਦੀ ਮੰਗ ਕਰਦਿਆਂ ਵਿਰੋਧੀ ਧਿਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਸੰਸਦ ਦੇ ਸਰਦ ਰੁੱਤ ਇਜਲਾਸ ਦੀ ਅੱਜ ਗਰਮਾ-ਗਰਮ ਸ਼ੁਰੂਆਤ ਹੋਈ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਹੰਗਾਮੇ ਦੌਰਾਨ ਹੀ ਸੰਖੇਪ ਚਰਚਾ ਮਗਰੋਂ ਮਨੀਪੁਰ ’ਚ ਜੀ ਐੱਸ ਟੀ ਕਾਨੂੰਨ ’ਚ ਸੋਧ ਬਾਰੇ ਬਿੱਲ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਡੀਨੈਂਸ ਦੀ ਥਾਂ ’ਤੇ ਬਿੱਲ ਪੇਸ਼ ਕੀਤਾ ਸੀ। ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਹੋਣ ਕਰ ਕੇ ਸੰਸਦ ਬਿੱਲ ਪਾਸ ਕਰਨ ਲਈ ਆਪਣੀਆਂ ਤਾਕਤਾਂ ਦੀ ਵਰਤੋਂ ਕਰ ਰਹੀ ਹੈ। ਪਹਿਲਾਂ ਸਵੇਰੇ ਪ੍ਰਸ਼ਨਕਾਲ ਅਤੇ ਫਿਰ ਦੁਪਹਿਰ ਸਮੇਂ ਲੋਕ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ, ਜਦੋਂ ਸਦਨ ਦੁਪਹਿਰ ਬਾਅਦ ਮੁੜ ਜੁੜਿਆ ਤਾਂ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤੇ ਜਾਣ ’ਤੇ ਬਾਅਦ ਦੁਪਹਿਰ ਕਰੀਬ 2.20 ਵਜੇ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਸਿਫ਼ਰ ਕਾਲ ਦੇ 12 ਮਿੰਟਾਂ ਦੌਰਾਨ ਸੀਤਾਰਮਨ ਨੇ ਤਿੰਨ ਬਿੱਲ ਪੇਸ਼ ਕੀਤੇ ਜਿਨ੍ਹਾਂ ’ਚ 2025-26 ਲਈ ਗਰਾਂਟਾਂ ਵਾਸਤੇ ਪੂਰਕ ਮੰਗਾਂ ਵੀ ਸ਼ਾਮਲ ਹਨ। ਤੰਬਾਕੂ ਤੇ ਤੰਬਾਕੂ ਉਤਪਾਦਾਂ ’ਤੇ ਐਕਸਾਈਜ਼ ਡਿਊਟੀ ਅਤੇ ਪਾਨ ਮਸਾਲਾ ਬਣਾਉਣ ’ਤੇ ਨਵਾਂ ਸੈੱਸ ਲਗਾਉਣ ਸਬੰਧੀ ਦੋ ਬਿੱਲ ਸੈਂਟਰਲ ਐਕਸਾਈਜ਼ (ਸੋਧ) ਬਿੱਲ 2025 ਅਤੇ ਸਿਹਤ ਸੁਰੱਖਿਆ ਤੇ ਕੌਮੀ ਸੁਰੱਖਿਆ ਸੈੱਸ ਬਿੱਲ 2025 ਪੇਸ਼ ਕੀਤੇ।
ਰਾਜ ਸਭਾ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਐੱਸ ਆਈ ਆਰ ਜਾਂ ਚੋਣ ਸੁਧਾਰਾਂ ਬਾਰੇ ਚਰਚਾ ਤੋਂ ਪਿੱਛੇ ਹਟਣ ਵਾਲੀ ਨਹੀਂ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਸਮਾਂ ਤੈਅ ਕਰਨ ’ਤੇ ਜ਼ੋਰ ਨਾ ਪਾਵੇ। ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੋਂ ਸੰਤੁਸ਼ਟ ਨਾ ਹੁੰਦਿਆਂ ਕਈ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਉਪਰਲੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਰਿਜਿਜੂ ਨੇ ਮਾਮਲੇ ’ਤੇ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ। ਰਾਜ ਸਭਾ ਚੇਅਰਪਰਸਨ ਸੀ ਪੀ ਰਾਧਾਕ੍ਰਿਸ਼ਨਨ ਨੇ ਵਿਰੋਧੀ ਧਿਰਾਂ ਦੇ 9 ਮੈਂਬਰਾਂ ਵੱਲੋਂ ਐੱਸ ਆਈ ਆਰ ਸਮੇਤ ਕਈ ਮੁੱਦਿਆਂ ’ਤੇ ਦਿੱਤੇ ਨੋਟਿਸ ਰੱਦ ਕਰਨ ਮਗਰੋਂ ਸਦਨ ’ਚ ਹੰਗਾਮਾ ਹੋ ਗਿਆ। ਸਦਨ ਦੀ ਕਾਰਵਾਈ ਦੀ ਪਹਿਲੀ ਵਾਰ ਅਗਵਾਈ ਕਰ ਰਹੇ ਰਾਧਾਕ੍ਰਿਸ਼ਨਨ ਨੂੰ ਵਿਰੋਧੀ ਧਿਰਾਂ ਨਾਲ ਸਿੱਝਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੋ ਸੰਸਦੀ ਕਮੇਟੀਆਂ ਨੂੰ ਹੋਰ ਸਮਾਂ ਮਿਲਿਆ
ਨਵੀਂ ਦਿੱਲੀ: ਦੀਵਾਲੀਆ ਕਾਨੂੰਨ ਅਤੇ ਜਨ ਵਿਸ਼ਵਾਸ ਪ੍ਰਬੰਧਾਂ ’ਚ ਸੋਧ ਬਿੱਲਾਂ ਦੀ ਪੜਤਾਲ ਲਈ ਬਣੀਆਂ ਦੋ ਸਿਲੈਕਟ ਕਮੇਟੀਆਂ ਨੂੰ ਆਪਣੀਆਂ ਰਿਪੋਰਟਾਂ ਦੇਣ ਲਈ ਲੋਕ ਸਭਾ ਨੇ ਅੱਜ ਹੋਰ ਸਮਾਂ ਦੇ ਦਿੱਤਾ। ਐੱਸ ਆਈ ਆਰ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਹੰਗਾਮੇ ਦੌਰਾਨ ਇਹ ਮਾਮਲਾ ਆਇਆ। ਸਦਨ ਨੇ ਦੀਵਾਲੀਆ ਕੋਡ ਸੋਧ ਬਿੱਲ ’ਤੇ ਸਿਲੈਕਟ ਕਮੇਟੀ ਨੂੰ ਸਰਦ ਰੁੱਤ ਇਜਲਾਸ ਦੇ ਆਖਰੀ ਦਿਨ ਤੱਕ ਰਿਪੋਰਟ ਦੇਣ ਦਾ ਸਮਾਂ ਦਿੱਤਾ ਹੈ, ਜਦਕਿ ਜਨ ਵਿਸ਼ਵਾਸ ਸੋਧ ਬਿੱਲ ਬਾਰੇ ਸਰਦ ਰੁੱਤ ਇਜਲਾਸ ਦੇ ਦੂਜੇ ਹਫ਼ਤੇ ਦੇ ਆਖਰੀ ਦਿਨ ਤੱਕ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਸਰਦ ਰੁੱਤ ਇਜਲਾਸ 19 ਦਸੰਬਰ ਤੱਕ ਚੱਲੇਗਾ। -ਪੀਟੀਆਈ
