Line of Actual Control: ਚੀਨ ਨਾਲ ਸਰਹੱਦੀ ਸਥਿਤੀ ਦਾ ਅਸਰ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਦਿਸੇਗਾ: ਭਾਰਤ
ਵਿਦੇਸ਼ ਮੰਤਰਾਲੇ ਮੁਤਾਬਕ ਅਸਲ ਕੰਟਰੋਲ ਰੇਖਾ ਉਤੇ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣਾ ‘ਬੇਹੱਦ ਜ਼ਰੂਰੀ’; ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਕਰਾਰ
ਭਾਰਤ ਨੇ ਅੱਜ ਕਿਹਾ ਕਿ ਚੀਨ ਨਾਲ ਉਸ ਦੀ ਸਰਹੱਦ ਦੀ ਸਥਿਤੀ ਦਾ ਅਸਰ ‘ਵਿਆਪਕ ਦੁਵੱਲੇ ਸਬੰਧਾਂ’ ਉਤੇ ਦਿਸੇਗਾ ਤੇ ਅਸਲ ਕੰਟਰੋਲ ਰੇਖਾ ਉਤੇ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣਾ ‘ਬੇਹੱਦ ਜ਼ਰੂਰੀ’ ਹੈ। ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਵਿੱਚ 27 ਥਾਵਾਂ ਨੂੰ ਉਨ੍ਹਾਂ ਦੇ ਮਿਆਰੀ ਨਾਂ ਨਾਲ ਪਛਾਣਨ ’ਤੇ ਨਵੀਂ ਦਿੱਲੀ ਦੀ ਚੀਨ ਵੱਲੋਂ ਕੀਤੀ ਗਈ ਆਲੋਚਨਾ ਨੂੰ ਵੀ ਰੱਦ ਕਰ ਦਿੱਤਾ, ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਰਾਜ ਭਾਰਤ ਦਾ ਇੱਕ ‘ਅਨਿੱਖੜਵਾਂ ਤੇ ਅਟੁੱਟ’ ਅੰਗ ਹੈ ਅਤੇ ਕੋਈ ਵੀ ਚੀਜ਼ ਇਸ ‘ਅਟੱਲ ਸੱਚਾਈ’ ਨੂੰ ਨਹੀਂ ਬਦਲ ਸਕਦੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਖੇਤਰਾਂ ਨਾਲ ਜੁੜੇ ਮਾਮਲਿਆਂ ਵਿੱਚ, ਅਸੀਂ ਚੀਨੀ ਪੱਖ ਨਾਲ ਗੱਲਬਾਤ ਵਿੱਚ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਅਸੀਂ ਇਨ੍ਹਾਂ ਮੁੱਦਿਆਂ ਨੂੰ ਸਭ ਤੋਂ ਗੰਭੀਰ ਮੰਨਦੇ ਹਾਂ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣਾ ਬਹੁਤ ਅਹਿਮ ਹੈ। ਅਸੀਂ ਇਹ ਵੀ ਕਿਹਾ ਹੈ ਕਿ ਸਰਹੱਦੀ ਮਾਮਲਿਆਂ ਦੀ ਸਥਿਤੀ ਸਾਡੇ ਵਿਆਪਕ ਦੁਵੱਲੇ ਸਬੰਧਾਂ ਦੀ ਦਸ਼ਾ ਨੂੰ ਦਰਸਾਏਗੀ।’’
ਜੈਸਵਾਲ ਨੇ ਕਿਹਾ ਕਿ ਇਸ ਗੱਲ ਨੂੰ ਪਿਛਲੇ ਹਫ਼ਤੇ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਹੋਈ ਮੀਟਿੰਗ ਵਿੱਚ ਵੀ ਦੁਹਰਾਇਆ ਗਿਆ ਸੀ। ਇਹ ਮੀਟਿੰਗ ਸਲਾਹ-ਮਸ਼ਵਰੇ ਤੇ ਤਾਲਮੇਲ ਨਾਲ ਸਬੰਧਤ ਕਾਰਜ ਪ੍ਰਣਾਲੀ ਤਹਿਤ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ, ਦੋਵਾਂ ਪੱਖਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ, ‘‘ਲਟਕੇ ਮੁੱਦਿਆਂ ਨੂੰ ਹੱਲ ਕਰਨ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਗ਼ਲਤਫ਼ਹਿਮੀ ਅਤੇ ਗ਼ਲਤ ਹਿਸਾਬ ਤੋਂ ਬਚਣ ਲਈ ਕਮਾਂਡਰ ਪੱਧਰ ਦੀਆਂ ਮੀਟਿੰਗਾਂ ਤੇ ਹੋਰ ਪ੍ਰਣਾਲੀਆਂ ਤੋਂ ਇਲਾਵਾ ਮੌਜੂਦਾ ਕੂਟਨੀਤਕ ਤੇ ਫ਼ੌਜੀ ਮਾਧਿਅਮਾਂ ਦੀ ਵਰਤੋਂ ਜਾਰੀ ਰੱਖਣ ’ਤੇ ਸਹਿਮਤੀ ਬਣੀ ਹੈ।’’
ਜ਼ਿਕਰਯੋਗ ਹੈ ਕਿ ਗਲਵਾਨ ਘਾਟੀ ਦੇ ਟਕਰਾਅ (2020) ਅਤੇ ਉਸ ਤੋਂ ਬਾਅਦ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਫ਼ੌਜੀ ਟਕਰਾਅ ਤੋਂ ਬਾਅਦ ਭਾਰਤ ਤੇ ਚੀਨ ਨੇ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਲਈ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੌਰਾਨ ਕਈ ਉਪਾਵਾਂ ਨੂੰ ਲਾਗੂ ਕੀਤਾ ਹੈ। ਅਕਤੂਬਰ 2024 ਵਿੱਚ, ਦੋਵਾਂ ਪੱਖਾਂ ਨੇ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀਆਂ ਦੋ ਆਖ਼ਰੀ ਥਾਵਾਂ, ਦੇਪਸਾਂਗ ਅਤੇ ਡੇਮਚੋਕ ਲਈ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ। ਇੱਥੋਂ ਸੈਨਾਵਾਂ ਦੇ ਹਟਣ ਲਈ ਸਹਿਮਤੀ ਬਣੀ ਸੀ। ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਾਜ਼ਾਨ ਵਿੱਚ ਗੱਲਬਾਤ ਕੀਤੀ ਅਤੇ ਸਬੰਧਾਂ ਨੂੰ ਸੁਧਾਰਨ ਲਈ ਕਈ ਫ਼ੈਸਲੇ ਲਏ।
ਪਿਛਲੇ ਸਾਲ ਅਗਸਤ ਵਿੱਚ, ਮੋਦੀ ਸਾਲਾਨਾ ਐੱਸ ਸੀ ਓ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨੀ ਸ਼ਹਿਰ ਤਿਆਨਜਿਨ ਗਏ ਸਨ। ਮੋਦੀ ਅਤੇ ਸ਼ੀ ਨੇ ਐੱਸ ਸੀ ਓ ਸਿਖਰ ਸੰਮੇਲਨ ਮੌਕੇ ਵਿਆਪਕ ਗੱਲਬਾਤ ਕੀਤੀ। ਮੀਟਿੰਗ ਵਿੱਚ, ਮੋਦੀ ਨੇ ਕਿਹਾ ਸੀ ਕਿ ਭਾਰਤ ਆਪਸੀ ਭਰੋਸੇ, ਸਨਮਾਨ ਅਤੇ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਚੀਨ ਨਾਲ ਆਪਣੇ ਸਬੰਧ ਬਿਹਤਰ ਕਰਨ ਲਈ ਵਚਨਬੱਧ ਹੈ।

