ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਦਸੰਬਰ
ਸੀਪੀਆਈ (ਐੱਮਐੱਲ) ਲਬਿਰੇਸ਼ਨ ਸਣੇ ਵੱਖ-ਵੱਖ ਸਿਆਸੀ ਪਾਰਟੀ ਨੇ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਲਬਿਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾ. ਦੀਪਾਂਕਰ ਭੱਟਾਚਾਰੀਆ ਨੇ ਅੱਜ ਟਿਕਰੀ ਬਾਰਡਰ ਦਾ ਦੌਰਾ ਕੀਤਾ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ 15 ਦਿਨਾਂ ਤੋਂ ਇਥੇ ਡੇਰੇ ਲਾਈਂ ਬੈਠੇ ਕਿਸਾਨਾਂ ਨੂੰ ਮਿਲ ਕੇ ਆਪਣੀ ਪਾਰਟੀ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਸ ਅੰਦੋਲਨ ਨੂੰ ਦੂਜੀ ਜੰਗੇ-ਆਜ਼ਾਦੀ ਕਰਾਰ ਦਿੰਦਿਆਂ ਕਿਹਾ ਕਿ ਸੀਪੀਆਈ ਐੱਮਐੱਲ (ਲਬਿਰੇਸ਼ਨ) ਇਸ ਅੰਦੋਲਨ ਦੇ ਪੱਖ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕਰੇਗੀ। ਉਨ੍ਹਾਂ ਇਸ ਮੋਰਚੇ ਉਤੇ ਡਟੇ ਹੋਏ ਆਲ ਇੰਡੀਆ ਕਿਸਾਨ ਮਹਾਸਭਾ ਦੇ ਸਰਗਰਮ ਆਗੂਆਂ ਦੀ ਇੱਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੌਮੀ ਜਨਰਲ ਸਕੱਤਰ ਤੇ ਬਿਹਾਰ ਦੇ ਸਾਬਕਾ ਵਿਧਾਇਕ ਰਾਜਾ ਰਾਮ ਸਿੰਘ ਅਤੇ ਹਿੰਦੀ ਪੇਪਰ ‘ਕਿਸਾਨ ਸੰਦੇਸ਼’ ਦੇ ਸੰਪਾਦਕ ਕਾ. ਪੁਰਸ਼ੋਤਮ ਸ਼ਰਮਾ ਵੀ ਮੌਜੂਦ ਸਨ। -ਪੀਟੀਆਈ
ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੇਂਦਰ: ਕਮਲਨਾਥ
ਇੰਦੌਰ: ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲਨਾਥ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਕੌਮੀ ਰਾਜਧਾਨੀ ਦੀ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੇਂਦਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਵੇਗਾ।’’ ਉਨ੍ਹਾਂ ਦੋਸ਼ ਲਾਇਆ, ‘‘ਇਹ ਸਰਕਾਰ ਬਿਨਾਂ ਟੀਚੇ ਤੋਂ ਕੰਮ ਕਰ ਰਹੀ ਹੈ ਅਤੇ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੀ ਹੈ।’’
ਲੋਕਤੰਤਰ ਦੀ ਮੁੜ ਸੁਰਜੀਤੀ ਦਾ ਅੰਦੋਲਨ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਕਿਸਾਨ ਅੰਦੋਲਨ ਭਾਰਤ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਮੁੜ ਸੁਰਜੀਤੀ ਦਾ ਵੀ ਅੰਦੋਲਨ ਹੈ ਤਾਂ ਕਿ ਸਰਕਾਰ ਦੇ ਸਾਰੇ ਫ਼ੈਸਲਿਆਂ ਵਿੱਚ ਆਮ ਲੋਕਾਂ ਦੀ ਰਾਇ ਵੀ ਹੋਵੇ। ਯਾਦਵ ਦੀ ਪਾਰਟੀ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ। ਉਨ੍ਹਾਂ ਟਵੀਟ ਕੀਤਾ, ‘‘ਕਿਸਾਨ ਅੰਦੋਲਨ ਭਾਰਤ ਦੀਆਂ ਇਸ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਮੁੜ ਸੁਰਜੀਤੀ ਦਾ ਵੀ ਅੰਦੋਲਨ ਹੈ ਕਿ ਸਰਕਾਰ ਦੇ ਸਾਰੇ ਫ਼ੈਸਲਿਆਂ ਵਿੱਚ ਆਮ ਲੋਕਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ, ਸਰਕਾਰ ਦੀ ਮਨਮਰਜ਼ੀ ਨਹੀਂ। ਇਸ ਲਈ ਭਾਰਤ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਦਾ ਹਰ ਨਾਗਰਿਕ ਅੱਜ ਕਿਸਾਨ ਅੰਦੋਲਨ ਨਾਲ ਭਾਵੁਕ ਤੌਰ ’ਤੇ ਜੁੜਦਾ ਜਾ ਰਿਹਾ ਹੈ।’’