Rajasthan High Court ਦੇ ਕਾਰਜਕਾਰੀ ਚੀਫ਼ ਜਸਟਿਸ ਖ਼ਿਲਾਫ਼ CJI ਨੂੰ letter
ਜਸਟਿਸ ਸੰਦੀਪ ਮਹਿਤਾ ਨੇ ਪ੍ਰਸ਼ਾਸਨਿਕ ਬੇਨਿਯਮੀਆਂ ਦੇ ਲਾਏ ਦੋਸ਼, ਸੂਬੇ ਦੇ ਬਾਹਰ ਤੋਂ ਚੀਫ ਜਸਟਿਸ ਨਿਯੁਕਤ ਕਰਨ ਦੀ ਕੀਤੀ ਹੈ ਮੰਗ
ਸੁਪਰੀਮ ਕੋਰਟ ਦੇ ਜੱਜ ਜਸਟਿਸ ਸੰਦੀਪ ਮਹਿਤਾ ਨੇ ਚੀਫ਼ ਜਸਟਿਸ ਸੂਰਿਆ ਕਾਂਤ ਨੂੰ ਪੱਤਰ ਲਿਖ ਕੇ ਕਿਸੇ ਹੋਰ ਰਾਜ ਤੋਂ ਰਾਜਸਥਾਨ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ’ਤੇ ਗੰਭੀਰ ਪ੍ਰਸ਼ਾਸਨਿਕ ਬੇਨਿਯਮੀਆਂ, ਪੱਖਪਾਤ, ਭਾਈ-ਭਤੀਜਾਵਾਦ ਅਤੇ ਚੋਣਵੇਂ ਕੇਸਾਂ ਨੂੰ ਸੂਚੀਬੱਧ ਕਰਨ ਦੇ ਦੋਸ਼ ਲਾਏ ਹਨ।
ਜਸਟਿਸ ਮਹਿਤਾ ਨੇ 2, 10 ਅਤੇ 17 ਅਗਸਤ ਨੂੰ ਲਿਖੇ ਪੱਤਰਾਂ ਵਿੱਚ ਦੋਸ਼ ਲਾਇਆ ਹੈ ਕਿ ਜਸਟਿਸ ਸ਼ਰਮਾ ਨੇ ‘ਮਾਸਟਰ ਆਫ ਦਿ ਰੋਸਟਰ’ ਵਜੋਂ ਆਪਣੇ ਅਧਿਕਾਰਾਂ ਦੀ ਕਥਿਤ ਦੁਰਵਰਤੋਂ ਕਰਦਿਆਂ ਪ੍ਰਭਾਵਸ਼ਾਲੀ ਅਤੇ ਅਮੀਰ ਧਿਰਾਂ ਨਾਲ ਸਬੰਧਤ ਮਾਮਲਿਆਂ ਸਮੇਤ ਕੁਝ ਕੇਸ ਆਪਣੇ ਬੈਂਚ ਅੱਗੇ ਤਬਦੀਲ ਕਰਵਾਏ। ਉਨ੍ਹਾਂ ਕਿਹਾ ਕਿ ਪਹਿਲਾਂ ਹੋਰ ਬੈਂਚਾਂ ਅੱਗੇ ਲੱਗੇ ਮਾਮਲੇ ਬਿਨਾਂ ਵਾਜਬ ਕਾਰਨ ਦੇ ਵਾਪਸ ਲੈ ਕੇ ਜਸਟਿਸ ਸ਼ਰਮਾ ਦੀ ਅਦਾਲਤ ਵਿੱਚ ਭੇਜੇ ਗਏ। ਜਸਟਿਸ ਮਹਿਤਾ ਮੁਤਾਬਕ ਉਨ੍ਹਾਂ ਨੇ ਪਹਿਲਾਂ ਵੀ ਇਹ ਮਾਮਲੇ ਚੀਫ ਜਸਟਿਸ ਕਾਂਤ ਦੇ ਧਿਆਨ ਵਿੱਚ ਲਿਆਂਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਨਿਆਂਇਕ ਮਾਮਲਿਆਂ ਬਾਰੇ ਸ਼ਿਕਾਇਤਾਂ ਵੀ ਮਿਲੀਆਂ ਹਨ, ਜੋ ਉਨ੍ਹਾਂ ਦੇ ਮੁਲਾਂਕਣ ਅਨੁਸਾਰ ਜਸਟਿਸ ਸ਼ਰਮਾ ਦੀ ਇਮਾਨਦਾਰੀ ’ਤੇ ਪਹਿਲੀ ਨਜ਼ਰ ਵਿੱਚ ਸਵਾਲ ਖੜ੍ਹੇ ਕਰਦੀਆਂ ਹਨ।
ਪੱਤਰ ਅਨੁਸਾਰ ਜਸਟਿਸ ਮਹਿਤਾ ਅਤੇ ਸੁਪਰੀਮ ਕੋਰਟ ਦੇ ਜੱਜ ਵਿਜੈ ਬਿਸ਼ਨੋਈ ਵੱਲੋਂ ਬੇਨਤੀ ਕੀਤੇ ਜਾਣ ’ਤੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਜੋਧਪੁਰ ਜ਼ਿਲ੍ਹਾ ਅਦਾਲਤ ਦੀ ਨਵੀਂ 40-ਕੋਰਟ ਇਮਾਰਤ ਦਾ ਉਦਘਾਟਨ ਕੀਤਾ ਸੀ। ਜਸਟਿਸ ਮਹਿਤਾ ਨੇ ਜੈਪੁਰ ਵਿੱਚ ਹੋਈ ਤਿੰਨ ਦਿਨਾ ਕੌਮਾਂਤਰੀ ਕਾਨਫਰੰਸ ਕਾਰਨ ਜੋਧਪੁਰ ਸਥਿਤ ਮੁੱਖ ਅਦਾਲਤ ਵਿੱਚ ਦੋ ਦਿਨ ਕੋਈ ਕਾਰਜਸ਼ੀਲ ਬੈਂਚ ਨਾ ਰਹਿਣ ਦਾ ਮੁੱਦਾ ਵੀ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਜੱਜਾਂ ਨੇ ਉਨ੍ਹਾਂ ਨੂੰ ਤਬਾਦਲੇ ਦੀਆਂ ਕਥਿਤ ਧਮਕੀਆਂ ਦੇਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਹਨ।

