ਕਾਨੂੰਨ ਨਾਗਰਿਕਾਂ 'ਤੇ ਬੋਝ ਨਹੀਂ ਹੋਣਾ ਚਾਹੀਦਾ, ਸਰਕਾਰੀ ਸੁਧਾਰਾਂ ਨਾਲ ਜੀਵਨ ਸੁਖਾਲਾ ਹੋਵੇ: ਪ੍ਰਧਾਨ ਮੰਤਰੀ
ਇੱਥੇ ਇੱਕ NDA ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਹੁਣ ਇੱਕ ਪੂਰੀ ਤਰ੍ਹਾਂ ਸੁਧਾਰ ਐਕਸਪ੍ਰੈਸ (Reform Express) ਪੜਾਅ ਵਿੱਚ ਹੈ, ਜਿੱਥੇ ਸੁਧਾਰ ਤੇਜ਼ੀ ਨਾਲ ਅਤੇ ਸਪੱਸ਼ਟ ਇਰਾਦੇ ਨਾਲ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇ ਸੁਧਾਰ ਪੂਰੀ ਤਰ੍ਹਾਂ ਨਾਗਰਿਕ-ਕੇਂਦਰਿਤ ਹਨ, ਨਾ ਕਿ ਸਿਰਫ਼ ਆਰਥਿਕ ਜਾਂ ਮਾਲੀਆ-ਕੇਂਦ੍ਰਿਤ। ਉਨ੍ਹਾਂ ਕਿਹਾ ਕਿ ਇਸ ਦਾ ਟੀਚਾ ਲੋਕਾਂ ਦੀਆਂ ਰੋਜ਼ਾਨਾ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ ਤਾਂ ਜੋ ਉਹ ਆਪਣੀ ਪੂਰੀ ਸਮਰੱਥਾ ਅਨੁਸਾਰ ਵਿਕਾਸ ਕਰ ਸਕਣ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਨੂੰਨਸਾਜ਼ਾਂ ਲਈ ਬਹੁਤ ਵਧੀਆ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਾ ਸੁਧਾਰ ਐਕਸਪ੍ਰੈਸ ਹੈ।
ਮੋਦੀ ਦੇ ਹਵਾਲੇ ਨਾਲ ਰਿਜਿਜੂ ਨੇ ਕਿਹਾ ਕਿ ਨਿਯਮ ਅਤੇ ਕਾਨੂੰਨ ਪ੍ਰਣਾਲੀ ਨੂੰ ਸੁਧਾਰਨ ਲਈ ਹੋਣੇ ਚਾਹੀਦੇ ਹਨ, ਨਾ ਕਿ ਲੋਕਾਂ ਨੂੰ ਤੰਗ ਕਰਨ ਲਈ ਅਤੇ ਅਜਿਹਾ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ ਜੋ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਕਰੇ।
ਉਨ੍ਹਾਂ ਕਿਹਾ, "ਹੁਣ ਅਸੀਂ ਇਸ ਦਿਸ਼ਾ ਵਿੱਚ ਕੰਮ ਕਰਾਂਗੇ। ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਵਰਗੀਆਂ ਸਥਾਨਕ ਸਵੈ-ਸ਼ਾਸਨ ਸੰਸਥਾਵਾਂ, ਸਾਰਿਆਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ..." -ਪੀਟੀਆਈ
