ਪੰਜਾਬ ਸਰਕਾਰ ਦੇ ਦੋ ਵੱਡੇ ਅਧਿਕਾਰੀਆਂ ਦੀ ਖਿੱਚੋਤਾਣ ਦਾ ਭਾਸ਼ਾ ਵਿਭਾਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਵਿਭਾਗ ਵਿਚ ਬੈਠੇ ਕੁਝ ਦੂਜੀ ਤੀਜੀ ਕਤਾਰ ਦੇ ਅਧਿਕਾਰੀ ਇਸ ਕੰਮ ’ਚ ਭੂਮਿਕਾ ਨਿਭਾ ਰਹੇ ਹਨ। ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਦਫ਼ਤਰ ਦਾ ਅਮਲਾ ਦੋ ਧੜਿਆਂ ਵਿਚ ਵੰਡਿਆ ਜਾ ਚੁੱਕਾ ਹੈ।
ਵਿਭਾਗੀ ਸੂਤਰਾਂ ਅਨੁਸਾਰ ਦੂਜੇ ਨੰਬਰ ਦਾ ਇਕ ਅਧਿਕਾਰੀ ਤੇ ਸੁਪਰਡੈਂਟ ਪੱਧਰ ਦਾ ਇਕ ਅਧਿਕਾਰੀ, ਡਾਇਰੈਕਟਰ ਨੂੰ ਨਜ਼ਰਅੰਦਾਜ਼ ਕਰ ਕੇ ਸਿੱਧਾ ਰਾਬਤਾ ਸਕੱਤਰ ਸੋਨਾਲੀ ਗਿਰੀ ਨਾਲ ਬਣਾ ਚੁੱਕਾ ਹੈ। ਉਨ੍ਹਾਂ ’ਤੇ ਸਕੱਤਰ ਨੂੰ ਵਿਭਾਗ ਦੀ ਸਹੀ ਹਾਲਤ ਨਾ ਦੱਸ ਕੇ ਗ਼ਲਤ ਸਥਿਤੀ ਪੇਸ਼ ਕਰਨ ਦੇ ਦੋਸ਼ ਲੱਗ ਰਹੇ ਹਨ; ਹਾਲਾਂਕਿ ਡਾਇਰੈਕਟਰ ਵੱਲੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਵਿਭਾਗਾਂ ਵਿਚ ਪੰਜਾਬੀ ਲਾਗੂ ਕਰਨ ਦੇ ਭੇਜੇ ਪੱਤਰਾਂ ਕਰ ਕੇ ਕਈ ਬਿਊਰੋਕਰੈਟ ਖ਼ਫ਼ਾ ਹਨ। ਸਕੱਤਰ ਸੋਨਾਲੀ ਗਿਰੀ
ਤੋਂ ਵੀ ਪੰਜਾਬ ਵਿਚ ਬੁੱਧੀਜੀਵੀ ਵਰਗ ਇਸ ਕਰ ਕੇ ਖ਼ਫ਼ਾ ਨਜ਼ਰ ਆ ਰਿਹਾ ਹੈ। ਵਿਭਾਗੀ ਸੂਤਰਾਂ ਮੁਤਾਬਕ 42 ਖੋਜ ਸਹਾਇਕਾਂ ਦੀ ਭਰਤੀ ਤਹਿਤ ਫਾਡੀ ਰਹਿ ਗਏ ਉਮੀਦਵਾਰਾਂ ਵੱਲੋਂ ਆਰ ਟੀ ਆਈ ਦੀਆਂ ਅਰਜ਼ੀਆਂ ਤੇ ਆਰ ਟੀ ਆਈ ਦੇ ਜਵਾਬ ਦੇਖੇ ਗਏ। ਇਸ ਦੌਰਾਨ ਪਤਾ ਲੱਗਾ ਕਿ ਜਿਸ ਦਿਨ ਆਰ ਟੀ ਆਈ ਪਾਈ ਗਈ, ਉਸੇ ਦਿਨ ਡਾਇਰੈਕਟਰ ਦੀ ਗ਼ੈਰ-ਹਾਜ਼ਰੀ ਵਿਚ ਦੋ ਘੰਟਿਆਂ ’ਚ ਇਸ ਦਾ ਜਵਾਬ ਦੇ ਦਿੱਤਾ ਗਿਆ। ਲਿਹਾਜ਼ਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ’ਤੇ ਵਿਭਾਗ ਵਿਰੋਧੀ ਕਾਰਵਾਈਆਂ ਦੇ ਦੋਸ਼ ਲੱਗ ਰਹੇ ਹਨ।
ਖੋਜ ਸਹਾਇਕਾਂ ਦੀ ਭਰਤੀ ਸਬੰਧੀ ਡਾਇਰੈਕਟਰ ਨੂੰ ਭੇਜੀਆਂ ਸ਼ਿਕਾਇਤਾਂ ਕਾਫ਼ੀ ਹਨ ਪਰ ਉਨ੍ਹਾਂ ਦੀ ਇਬਾਰਤ ਇੰਨ-ਬਿੰਨ ਹੈ ਅਤੇ ਹੇਠਾਂ ਨਾਮ ਹੀ ਬਦਲਿਆ ਗਿਆ ਹੈ। ਨਾਮ ਨਾਲ ਪੂਰਾ ਪਤਾ ਵੀ ਨਹੀਂ ਲਿਖਿਆ ਜਿਵੇਂ ਹਰਵਿੰਦਰ ਸਿੰਘ ਪੰਜਾਬ, ਜਗਤਾਰ ਸਿੰਘ ਪਟਿਆਲਾ ਪੰਜਾਬ, ਸੁਰਿੰਦਰ ਕੁਮਾਰ ਬਾਗੜੀ ਬੋਲੀ ਬਚਾਓ ਮੰਚ ਅਬੋਹਰ ਆਦਿ। ਇਨ੍ਹਾਂ ਹੇਠਾਂ ਕਿਸੇ ਦੇ ਦਸਤਖ਼ਤ ਜਾਂ ਮੋਬਾਈਲ ਨੰਬਰ ਵੀ ਨਹੀਂ ਲਿਖਿਆ।
ਅਨੁਸ਼ਾਸਨ ਤੋੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਂਗੇ: ਡਾਇਰੈਕਟਰ
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਦਫ਼ਤਰ ਵਿਚ ਕੁਝ ਅਧਿਕਾਰੀ ਵਿਭਾਗ ਵਿਰੋਧੀ ਕਾਰਵਾਈਆਂ ਕਰ ਰਹੇ ਹਨ, ਜੋ ਅਨੁਸ਼ਾਸਨਹੀਣਤਾ ਹੈ। ਅਜਿਹੇ ਅਧਿਕਾਰੀਆਂ ਖ਼ਿਲਾਫ਼ ਵਕਤ ਆਉਣ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਭਾਸ਼ਾ ਵਿਭਾਗ ਵਿਚ ਕੁਝ ਲੋਕ ਪੰਜਾਬੀ ਵਿਰੋਧੀ ਕਾਰਵਾਈ ਕਰਦਿਆਂ ਭਾਸ਼ਾ ਵਿਭਾਗ ਨੂੰ ਬੰਦ ਕਰਾਉਣਾ ਚਾਹੁੰਦੇ ਹਨ।
ਡਾਇਰੈਕਟਰ ਮੀਟਿੰਗਾਂ ਵਿੱਚ ਨਹੀਂ ਆਉਂਦੇ: ਗਿਰੀ
ਸਿੱਖਿਆ ਵਿਭਾਗ ਪੰਜਾਬ ਦੀ ਸਕੱਤਰ ਸੋਨਾਲੀ ਗਿਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੱਦੀ ਕਿਸੇ ਵੀ ਮੀਟਿੰਗ ਵਿਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨਹੀਂ ਆਉਂਦੇ, ਜਿਸ ਕਰ ਕੇ ਉਨ੍ਹਾਂ ਨੂੰ ਭਾਸ਼ਾ ਵਿਭਾਗ ਦੇ ਆਮ ਅਧਿਕਾਰੀਆਂ ਨੂੰ ਸੱਦ ਕੇ ਵਿਭਾਗੀ ਜਾਣਕਾਰੀ ਲੈਣੀ ਪੈਂਦੀ ਹੈ। ਉਹ ਚਾਹੁੰਦੇ ਹਨ ਕਿ ਡਾਇਰੈਕਟਰ ਜ਼ਫ਼ਰ ਮੀਟਿੰਗਾਂ ਵਿੱਚ ਆਉਣ ਤਾਂ ਕਿ ਹਰ ਵਿਭਾਗੀ ਮੁਸ਼ਕਲ ਹੱਲ ਕੀਤੀ ਜਾ ਸਕੇ।

