ਨੌਕਰੀ ਬਦਲੇ ਜ਼ਮੀਨ ਘੁਟਾਲਾ: ਈਡੀ ਵੱਲੋਂ ਰਾਬੜੀ ਦੇਵੀ ਤੇ ਤੇਜ ਪ੍ਰਤਾਪ ਤੋਂ ਪੁੱਛਗਿੱਛ
ਪਟਨਾ, 18 ਮਾਰਚ
ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਕਥਿਤ ਨੌਕਰੀ ਬਦਲੇ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਕੇਸ ’ਚ ਅੱਜ ਪੁੱਛ ਪੜਤਾਲ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਏ। ਰਾਬੜੀ ਦੇਵੀ (66) ਸਵੇਰੇ ਕਰੀਬ 10 ਵਜੇ ਪਟਨਾ ਦੇ ਬੈਂਕ ਰੋਡ ਸਥਿਤ ਏਜੰਸੀ ਦੇ ਦਫਤਰ ਪੁੱਜੀ। ਉਨ੍ਹਾਂ ਨਾਲ ਉਨ੍ਹਾਂ ਦੀ ਵੱਡੀ ਧੀ ਤੇ ਪਾਟਲੀਪੁੱਤਰ ਤੋਂ ਸੰਸਦ ਮੈਂਬਰ ਮੀਸਾ ਭਾਰਤੀ ਵੀ ਸੀ। ਤੇਜ ਪ੍ਰਤਾਪ ਯਾਦਵ (36) ਵੀ ਪੁੱਛ ਪੜਤਾਲ ਲਈ ਏਜੰਸੀ ਸਾਹਮਣੇ ਪੇਸ਼ ਹੋਏ।
ਸੂਤਰਾਂ ਨੇ ਦੱਸਿਆ ਕਿ ਲਾਲੂ ਪ੍ਰਸਾਦ ਯਾਦਵ (76) ਨੂੰ ਈਡੀ ਨੇ 19 ਮਾਰਚ ਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸੰਮਨ ਕੀਤੇ ਹੋਏ ਹਨ। ਈਡੀ ਦੇ ਦਫ਼ਤਰ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਵੱਡੀ ਗਿਣਤੀ ਆਰਜੇਡੀ ਵਰਕਰ ਈਡੀ ਦਫ਼ਤਰ ਦੇ ਬਾਹਰ ਪੁੱਜੇ ਹੋਏ ਸਨ, ਜਿਨ੍ਹਾਂ ਪਾਰਟੀ ਆਗੂਆਂ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਆਰਜੇਡੀ ਦੇ ਬੁਲਾਰੇ ਐਜਾਜ਼ ਅਹਿਮਦ ਨੇ ਕਿਹਾ, ‘ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਜਦੋਂ ਵੀ ਕਿਸੇ ਸੂਬੇ ’ਚ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਆਪਣੇ ਵਿਰੋਧੀਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਹੈ।’ -ਪੀਟੀਆਈ