ਕਿਸਾਨ ਮਜ਼ਦੂੂਰ ਮੋਰਚੇ ਵੱਲੋਂ 5 ਨੂੰ ਰੇਲਾਂ ਰੋਕਣ ਦਾ ਐਲਾਨ
ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ-2025 ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚਾ ਨੇ 5 ਦਸੰਬਰ ਨੂੰ ਸੂਬੇ ਭਰ ਵਿੱਚ ਦੁਪਹਿਰ 1 ਤੋਂ 3 ਵਜੇ ਤੱਕ ਰੇਲਾਂ ਰੋਕ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਵੱਲੋਂ ਪੰਜਾਬ ਵਿੱਚ ਕਰੀਬ ਦੋ ਦਰਜਨ ਥਾਵਾਂ ’ਤੇ ਰੇਲਵੇ ਟਰੈਕਾਂ ਉੱਪਰ ਧਰਨੇ ਦਿੱਤੇ ਜਾਣਗੇ।
ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਲਿਆ ਕੇ ਲੋਕਾਂ ਤੋਂ ਬਿਜਲੀ ਸਬਸਿਡੀ ਖੋਹਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਬਿੱਲ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਹਰ ਘਰ ਵਿੱਚ ਸਮਾਰਟ ਮੀਟਰ ਲਾਏ ਜਾਣਗੇ। ਕਿਸਾਨਾਂ ਨੇ ਮੰਗ ਕੀਤੀ ਕਿ ਇਸ ਬਿੱਲ ਦਾ ਖਰੜਾ ਰੱਦ ਕੀਤਾ ਜਾਵੇ ਅਤੇ ਜਿੱਥੇ ਪ੍ਰੀਪੇਡ ਮੀਟਰ ਲੱਗੇ ਹਨ, ਉਨ੍ਹਾਂ ਨੂੰ ਉਤਾਰ ਕੇ ਪੁਰਾਣੇ ਮੀਟਰ ਲਗਾਏ ਜਾਣ। ਉਨ੍ਹਾਂ ਸੂਬਾ ਸਰਕਾਰ ’ਤੇ ਹੜ੍ਹ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਨਾ ਦੇਣ ਦਾ ਦੋਸ਼ ਵੀ ਲਾਇਆ। ਸ੍ਰੀ ਪੰਧੇਰ ਨੇ ਕਿਹਾ ਕਿ ਮੋਰਚਾ 5 ਦਸੰਬਰ ਨੂੂੰ ਅੰਮ੍ਰਿਤਸਰ ਦੇ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਤੇ ਮਜੀਠਾ ਸਟੇਸ਼ਨ, ਗੁਰਦਾਸਪੁਰ ’ਚ ਅੰਮ੍ਰਿਤਸਰ-ਜੰਮੂ ਕਸ਼ਮੀਰ ਰੇਲ ਮਾਰਗ, ਬਟਾਲਾ ਰੇਲਵੇ ਸਟੇਸ਼ਨ, ਗੁਰਦਾਸਪੁਰ ਰੇਲਵੇ ਸਟੇਸ਼ਨ, ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ, ਪਠਾਨਕੋਟ ’ਚ ਪਰਮਾਨੰਦ ਫਾਟਕ, ਤਰਨ ਤਾਰਨ ਰੇਲਵੇ ਸਟੇਸ਼ਨ, ਕਪੂਰਥਲਾ ’ਚ ਡਡਵਿੰਡੀ ਨੇੜੇ, ਜਲੰਧਰ ਕੈਂਟ, ਹੁਸ਼ਿਆਰਪੁਰ ’ਚ ਟਾਂਡਾ, ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ, ਪਟਿਆਲਾ ’ਚ ਸ਼ੰਭੂ ਤੇ ਬਾੜਾ (ਨਾਭਾ), ਸੁਨਾਮ, ਫਾਜ਼ਿਲਕਾ ਰੇਲਵੇ ਸਟੇਸ਼ਨ, ਮੋਗਾ ਰੇਲਵੇ ਸਟੇਸ਼ਨ, ਰਾਮਪੁਰਾ ਰੇਲ ਸਟੇਸ਼ਨ ਤੇ ਹੋਰ ਥਾਈਂ ਮੁਜ਼ਾਹਰੇ ਕਰੇਗਾ।
