Kiratpur Sahib Speed Limit: ਕੀਰਤਪੁਰ ਸਾਹਿਬ-ਬਿਲਾਸਪੁਰ-ਮੰਡੀ ਮਾਰਗ ’ਤੇ ਵਾਹਨਾਂ ਦੀ ਸਪੀਡ ਲਿਮਟ ਵਧਾਈ
ਸਪੀਡ ਲਿਮਟ ਵਧਣ ਨਾਲ ਯਾਤਰੀਆਂ ਨੂੰ ਮਿਲੇਗੀ ਰਾਹਤ
Kiratpur Sahib Speed Limit: ਕੀਰਤਪੁਰ ਸਾਹਿਬ-ਬਿਲਾਸਪੁਰ-ਮੰਡੀ ਹਾਈਵੇਅ 'ਤੇ ਵਾਹਨਾਂ ਦੀ ਗਤੀ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 80 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ। ਨਵੀਂ ਦਿੱਲੀ ਵਿਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਿਚਕਾਰ ਹੋਈ ਮੀਟਿੰਗ ਵਿੱਚ ਇਸ ਮਾਮਲੇ 'ਤੇ ਸਹਿਮਤੀ ਬਣ ਗਈ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਇਸ ਰੂਟ 'ਤੇ ਘੱਟ ਗਤੀ ਸੀਮਾ ਅਤੇ ਤੇਜ਼ ਰਫ਼ਤਾਰ ਚਲਾਨਾਂ ਤੋਂ ਪ੍ਰੇਸ਼ਾਨ ਸਨ।
ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਨਾਲ ਜੁੜੇ ਆਵਾਜਾਈ ਦੇ ਕਈ ਹੋਰ ਮੁੱਦੇ ਵੀ ਉਠਾਏ। ਉਨ੍ਹਾਂ ਨੇ ਕੰਟਰੈਕਟ ਕੈਰੇਜ ਵਾਹਨ ਅਪਰੇਟਰਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਦਾ ਹਵਾਲਾ ਦਿੰਦਿਆਂ ਟੂਰਿਜ਼ਮ ਵਾਹਨਾਂ ਦੀ ਉਮਰ ਸੀਮਾ 12 ਸਾਲ ਤੋਂ ਵਧਾ ਕੇ 15 ਸਾਲ ਕਰਨ ਦੀ ਮੰਗ ਕੀਤੀ, ਜੋ ਕਿ ਆਲ ਇੰਡੀਆ ਟੂਰਿਸਟ ਪਰਮਿਟ ਸਕੀਮ ਤਹਿਤ ਚਲਦੇ ਵਾਹਨਾਂ ਦੀ ਤਰਜ਼ 'ਤੇ ਹੋਵੇ। ਇਸ ਤੋਂ ਇਲਾਵਾ ਪਹਾੜੀ ਰਾਜ ਵਿੱਚ ਆਟੋਮੇਟਿਡ ਟੈਸਟਿੰਗ ਸਟੇਸ਼ਨ (ATS) ਦੇ ਨਾਕਾਫ਼ੀ ਬੁਨਿਆਦੀ ਢਾਂਚੇ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਨਵੇਂ ਕੇਂਦਰ ਨਹੀਂ ਬਣ ਜਾਂਦੇ, ਤਦ ਤੱਕ ਮੈਨੂਅਲ ਫਿਟਨੈਸ ਟੈਸਟਿੰਗ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਨ੍ਹਾਂ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਅਗਨੀਹੋਤਰੀ ਦੇ ਕਹਿਣ ’ਤੇ ਅੰਮ੍ਰਿਤਸਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇਅ ਨੂੰ ਪੰਜਾਬ-ਹਿਮਾਚਲ ਸਰਹੱਦ ’ਤੇ ਪੰਡੋਗਾ ਤੋਂ ਊਨਾ ਜ਼ਿਲ੍ਹੇ ਦੇ ਝਲੇਰਾ ਤੱਕ ਨੈਸ਼ਨਲ ਹਾਈਵੇਅ ਨੈੱਟਵਰਕ ਨਾਲ ਜੋੜਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।

