ਨਵੀਂ ਦਿੱਲੀ, 8 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸ਼ਨਿਚਰਵਾਰ ਨੂੰ ਜੀ 20 ਆਗੂਆਂ ਲਈ ਰੱਖੇ ਰਾਤਰੀ ਭੋਜ ਲਈ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਹੈ। ਖੜਗੇ ਦੇ ਦਫ਼ਤਰ ਵਿਚਲੇ ਸੂਤਰਾਂ ਨੇ ਦੱਸਿਆ, ‘‘ਉਨ੍ਹਾਂ ਨੂੰ ਰਾਸ਼ਟਰਪਤੀ ਦੀ ਮੇਜ਼ਬਾਨੀ ਵਾਲੀ ਰਾਤ ਦੀ ਦਾਅਵਤ ਲਈ ਅਜੇ ਤੱਕ (ਸ਼ੁੱਕਰਵਾਰ ਸਵੇਰ) ਕੋਈ ਸੱਦਾ ਨਹੀਂ ਮਿਲਿਆ ਹੈ।’’ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ ਵਿਚਲੇ ਸੂਤਰ ਨੇ ਕਿਹਾ ਸੀ ਕਿ ਸ਼ਨਿਚਰਵਾਰ ਰਾਤ ਨੂੰ ਹੋਣ ਵਾਲੀ ਇਸ ਦਾਅਵਤ ਲਈ ਕਈ ਕੇਂਦਰੀ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਸੱਦੇ ਭੇਜੇ ਗਏ ਹਨ, ਪਰ ਖੜਗੇ ਨੂੰ ਅਜਿਹਾ ਕੋਈ ਸੱਦਾ ਪੱਤਰ ਨਹੀਂ ਮਿਲਿਆ।
ਸੂਤਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਰਾਤਰੀ ਭੋਜ ਲਈ ਸੱਦਿਆ ਗਿਆ ਹੈ। ਜੀ-20 ਸਿਖਰ ਵਾਰਤਾ 9 ਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਭਾਰਤ ਦੀ ਪ੍ਰਧਾਨਗੀ ਵਿਚ ਹੋਣੀ ਹੈ। -ਆਈਏਐੱਨਐੱਸ
ਕੇਂਦਰੀ ਲੀਡਰਸ਼ਿਪ 60 ਫੀਸਦੀ ਆਬਾਦੀ ਦੇ ਆਗੂਆਂ ਦੀ ਕਦਰ ਨਹੀਂ ਕਰਦੀ: ਰਾਹੁਲ
ਲੰਡਨ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੀ-20 ਲਈ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਾ ਪੱਤਰ ਨਾ ਭੇਜਣ ਲਈ ਸਰਕਾਰ ’ਤੇ ਤਨਜ਼ ਕਰਦਿਆਂ ਅੱਜ ਕਿਹਾ ਕਿ ਇਸ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਕੇਂਦਰ ਦੀ ਮੌਜੂਦਾ ਲੀਡਰਸ਼ਿਪ ਭਾਰਤ ਦੀ 60 ਫੀਸਦੀ ਆਬਾਦੀ ਦੇ ਆਗੂਆਂ ਦਾ ਮੁੱਲ ਨਹੀਂ ਪਾਉਂਦੀ ਤੇ ਲੋਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਇਥੇ ਬ੍ਰਸੱਲਜ਼ ਪ੍ਰੈੱਸ ਕਲੱਬ ਵਿੱਚ ਮੀਡੀਆ ਦੇ ਰੂਬਰੂ ਹੁੰਦਿਆਂ ਗਾਂਧੀ ਨੇ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਉਸ ਦੀ ਸੋਚ ਨੂੰ ਬਿਆਨਦੀਆਂ ਹਨ। ਗਾਂਧੀ ਨੇ ਕਿਹਾ, ‘‘ਉਨ੍ਹਾਂ ਫੈਸਲਾ ਕੀਤਾ ਹੈ ਕਿ ਵਿਰੋਧੀ ਧਿਰ ਦੇ ਆਗੂ (ਮਲਿਕਾਰਜੁਨ ਖੜਗੇ) ਨੂੰ ਨਹੀਂ ਸੱਦਣਾ। ਇਹ ਤੁਹਾਨੂੰ ਕੁਝ ਦੱਸਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਉਹ ਭਾਰਤ ਦੀ 60 ਫੀਸਦੀ ਆਬਾਦੀ ਦੇ ਆਗੂਆਂ ਦੀ ਕਦਰ ਨਹੀਂ ਕਰਦੇ। ਲੋਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਕੀ ਲੋੜ ਹੈ ਤੇ ਇਸ ਸਭ ਪਿੱਛੇ ਕਿਸ ਤਰ੍ਹਾਂ ਦੀ ਸੋਚ ਹੈ।’’ ਗਾਂਧੀ ਇਸ ਵੇਲੇ ਤਿੰਨ ਯੂਰੋਪੀ ਮੁਲਕਾਂ ਬੈਲਜੀਅਮ, ਫਰਾਂਸ ਤੇ ਨਾਰਵੇ ਦੇ ਦੌਰੇ ’ਤੇ ਹਨ। -ਪੀਟੀਆਈ