ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਸਾਰੀਆਂ ਚੋਣਾਂ ਨੂੰ ‘ਗ਼ੈਰ-ਕਾਨੂੰਨੀ’ ਕਰਾਰ ਦਿੰਦਿਆਂ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਅਹੁਦਿਆਂ ’ਤੇ ਬਣੇ ਰਹਿਣਾ ਵੀ ਗ਼ੈਰ-ਸੰਵਿਧਾਨਕ ਹੈ।
ਖੜਗੇ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਪੂਰਾ ਦੇਸ਼ ਗ਼ੈਰ-ਕਾਨੂੰਨੀ ਚੋਣਾਂ ਦੇ ਆਧਾਰ ’ਤੇ ਚਲਾਇਆ ਜਾ ਰਿਹਾ ਹੈ। ਮੋਦੀ ਗ਼ੈਰ-ਸੰਵਿਧਾਨਕ ਪ੍ਰਧਾਨ ਮੰਤਰੀ ਹਨ, ਸ਼ਾਹ ਗ਼ੈਰ-ਵਾਜਬ ਮੰਤਰੀ ਹਨ ਅਤੇ ਜਿੱਥੇ ਵੀ ਮੁੱਖ ਮੰਤਰੀ ਚੁਣੇ ਗਏ ਹਨ, ਉਹ ਸਾਰੇ ਗ਼ੈਰ-ਸੰਵਿਧਾਨਕ ਹਨ। ਲੋਕ ਸਭਾ ਅਤੇ ਰਾਜ ਸਭਾ ਵਿਧਾਨ ਸਭਾਵਾਂ ਨੂੰ ਭੰਗ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣ ਬੈਲੇਟ ਪੇਪਰ ਜ਼ਰੀਏ ਹੋਣੀ ਚਾਹੀਦੀ ਹੈ।’’
ਖੜਗੇ ਨੇ ਦੋਸ਼ ਲਾਇਆ ਕਿ ਈ ਵੀ ਐੱਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਵੋਟਰ ਸੂਚੀਆਂ ਦੀ ਜਾਰੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਪ੍ਰਕਿਰਿਆ ਵਿੱਚ ਕਈ ਖ਼ਾਮੀਆਂ ਹਨ, ਜਿਸ ਨਾਲ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ। ਵਿਰੋਧੀ ਧਿਰ ਚੋਣ ਪ੍ਰਕਿਰਿਆ ਦੀ ਦੁਰਵਰਤੋਂ ਖ਼ਿਲਾਫ਼ ਦੇਸ਼ ਭਰ ’ਚ ਅੰਦੋਲਨ ਜਾਰੀ ਰੱਖੇਗੀ।
ਖੜਗੇ ਨੇ ਸਵਾਲ ਕੀਤਾ ਕਿ ਜੇ ਕਿਸੇ ਕੇਂਦਰ ਤੋਂ 500 ਵੋਟਾਂ ਕੱਟ ਦਿੱਤੀਆਂ ਜਾਣ ਤਾਂ ਇਹ ਕਿਸ ਤਰ੍ਹਾਂ ਦੀਆਂ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਨਾਮ ਸੂਚੀ ਵਿੱਚ ਜੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।
ਮੋਦੀ ਚੋਣ ਧਾਂਦਲੀ ਤੋਂ ਜਾਣੂ ਸਨ: ਰਮੇਸ਼
ਨਵੀਂ ਦਿੱਲੀ: ਕਾਂਗਰਸ ਨੇ ਅੱਜ ਇੱਥੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਅਧਿਕਾਰੀ ਨੂੰ ਅਹੁਦੇ ’ਤੇ ਬਰਕਰਾਰ ਰੱਖਿਆ ਹੈ ਅਤੇ ਉਹੀ ਕਮਿਸ਼ਨ ਦੇ ਆਈ ਟੀ ਵਿਭਾਗ ਦੀ ਨਿਗਰਾਨੀ ਕਰ ਰਿਹਾ ਹੈ, ਜਿਸ ਖ਼ਿਲਾਫ਼ ਦੋ ਚੋਣ ਕਮਿਸ਼ਨਰਾਂ ਨੇ ਜੁਲਾਈ ’ਚ ਕੈਬਨਿਟ ਸਕੱਤਰ ਨੂੰ ਸ਼ਿਕਾਇਤ ਕੀਤੀ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ ਕਿ ਇਹ ਸ਼ਿਕਾਇਤ ਡਿਪਾਰਟਮੈਂਟ ਆਫ ਪਰਸੋਨਲ ਐਂਡ ਟਰੇਨਿੰਗ (ਡੀ ਓ ਪੀ ਟੀ) ਕੋਲ ਪਹੁੰਚੀ ਅਤੇ ਇਸ ਵਿਭਾਗ ਦੇ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਹਨ। ਇਸ ਤੋਂ ਵੋਟ ਚੋਰੀ ਦਾ ਮੁੱਦਾ ਹੋਰ ਸਪੱਸ਼ਟ ਹੁੰਦਾ ਜਾ ਰਿਹਾ ਹੈ। -ਪੀਟੀਆਈ

