Kerala Landslide: ਕੇਰਲਾ ’ਚ ਜ਼ਮੀਨ ਖਿਸਕਣ ਕਾਰਨ 6 ਮੌਤਾਂ
ਕੇਰਲਾ ਵਿੱਚ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ’ਚ ਇਡੁੱਕੀ ਅਤੇ ਕੋਟਿਅਮ ਜ਼ਿਲ੍ਹਿਆਂ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰਾਂ ਨੂੰ ਬਚਾ ਲਿਆ ਗਿਆ। ਇਕ ਮ੍ਰਿਤਕਾ ਦੀ ਸ਼ਨਾਖ਼ਤ ਸੁਮਤੀ (65) ਵਜੋਂ ਹੋਈ ਹੈ,...
ਕੇਰਲਾ ਵਿੱਚ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ’ਚ ਇਡੁੱਕੀ ਅਤੇ ਕੋਟਿਅਮ ਜ਼ਿਲ੍ਹਿਆਂ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰਾਂ ਨੂੰ ਬਚਾ ਲਿਆ ਗਿਆ। ਇਕ ਮ੍ਰਿਤਕਾ ਦੀ ਸ਼ਨਾਖ਼ਤ ਸੁਮਤੀ (65) ਵਜੋਂ ਹੋਈ ਹੈ, ਜੋ ਕਿ ਇਡੁੱਕੀ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਅੱਜ ਤੜਕੇ ਢਿੱਗਾਂ ਡਿੱਗਣ ਤੇ ਜ਼ਮੀਨ ਖਿਸਕਣ ਕਾਰਨ ਮਲਬਾ ਉਸ ਦੇ ਘਰ ’ਤੇ ਡਿੱਗ ਪਿਆ। ਗੁਆਂਢੀਆਂ ਨੇ ਉਸ ਦੇ ਪਤੀ ਰਵੀ ਅਤੇ ਪੁੱਤਰ ਰਤੀਸ਼ ਨੂੰ ਬਚਾ ਲਿਆ। ਕੌਮੀ ਆਫ਼ਤ ਪ੍ਰਬੰਧਨ ਬਲ (ਐੱਨ ਡੀ ਆਰ ਐਫ), ਫਾਇਰ ਬ੍ਰਿਗੇਡ ਅਤੇ ਪੁਲੀਸ ਵੱਲੋਂ ਕੀਤੀ ਕਾਰਵਾਈ ਦੌਰਾਨ ਲਾਸ਼ ਬਰਾਮਦ ਕੀਤੀ ਗਈ। ਕੋਟਿਅਮ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਮਲਬੇ ਹੇਠਾਂ ਦੱਬ ਗਈ। ਹਾਲਾਂਕਿ ਬਾਅਦ ਵਿਚ ਮਾਂ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਸਫ਼ਿਨ (24) ਅਤੇ ਉਸ ਦੀ ਮਾਂ ਰੇਜੀਨਾ ਜੌਨੀ (46) ਵਜੋਂ ਹੋਈ ਹੈ।
ਇੱਕ ਹੋਰ ਘਟਨਾ ਵਿੱਚ 77 ਸਾਲਾ ਪ੍ਰਭਾਕਰਨ ਨਾਇਰ ਦੀ ਮੌਤ ਹੋ ਗਈ। ਇਡੁੱਕੀ ਜ਼ਿਲ੍ਹੇ ਦੇ ਵਾਗਮੋਨ ਖੇਤਰ ਵਿੱਚ ਉਸ ਦਾ ਘਰ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਆ ਗਿਆ। ਇਡੁੱਕੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਢਿੱਗਾਂ ਡਿੱਗਣ ਅਤੇ ਹੜ੍ਹ ਆਉਣ ਦੀਆਂ ਖ਼ਬਰਾਂ ਹਨ। ਜ਼ੋਰਦਾਰ ਬਾਰਿਸ਼ ਕਾਰਨ ਕਈ ਥਾਵਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। -ਪੀਟੀਆਈ

