ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ 13 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਪਸੰਦੀਦਾ ਮੁੱਖ ਮੰਤਰੀ ਉਮੀਦਵਾਰਾਂ ਦੇ ਨਾਮ ਸੁਝਾਉਣ ਲਈ ਕਿਹਾ ਸੀ ਅਤੇ ਇਸ ਉਦੇਸ਼ ਲਈ ਇੱਕ ਮੋਬਾਈਲ ਨੰਬਰ ਵੀ ਲਾਂਚ ਕੀਤਾ ਸੀ। ਹੁਣ ਤੱਕ 22 ਲੱਖ ਲੋਕਾਂ ਨੇ ਆਪਣੀ ਰਾਇ ਦੇ ਦਿੱਤੀ ਹੈ। ਕੇਜਰੀਵਾਲ ਨੇ ਦੁਹਰਾਇਆ ਕਿ ਉਹ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਨਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਣਾ ਚਾਹੁੰਦੇ ਸਨ ਪਰ ਮਾਨ ਨੇ ਖ਼ੁਦ ਜ਼ੋਰ ਦੇ ਕੇ ਆਖਿਆ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੀਦਾ ਹੈ। ਇੱਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਮੰਗਲਵਾਰ ਦੁਪਹਿਰੇ ਕੀਤਾ ਜਾਵੇਗਾ। ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਪਿਛਲੇ ਸਾਲ ਜੂਨ ਵਿੱਚ ਕਿਹਾ ਸੀ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ਵਿੱਚੋਂ ਹੋਵੇਗਾ ਅਤੇ ਪੂਰੇ ਪੰਜਾਬ ਨੂੰ ਆਪਣੀ ਚੋਣ ’ਤੇ ਮਾਣ ਹੋਵੇਗਾ। ‘ਆਪ’ ਹੁਣ ਤੱਕ ਪੰਜਾਬ ਅਸੈਂਬਲੀ ਚੋਣਾਂ ਲਈ 112 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਪਾਰਟੀ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਪੂਰੀ ਤਾਣ ਲਾਈ ਜਾ ਰਹੀ, ਹਾਲਾਂਕਿ ਕਈ ਹਲਕਿਆਂ ਵਿੱਚ ਪਾਰਟੀ ਵਿੱਚ ਅਸੰਤੋਸ਼ ਵੀ ਪੈਦਾ ਹੋ ਚੁੱਕਾ ਹੈ। ਸੰਗਰੂਰ ਤੋਂ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਭਗਵਾਨ ਮਾਨ ਮੁੱਖ ਮੰਤਰੀ ਦੇ ਉਮੀਦਵਾਰਾਂ ਦੀ ਦੌੜ ਵਿੱਚ ਸਭ ਤੋਂ ਮੂਹਰੇ ਹਨ।
96 ਘੰਟਿਆਂ ਵਿੱਚ 22 ਲੱਖ ਨੇ ਦਿੱਤੀ ਲੋਕ ਰਾਇ
ਚੰਡੀਗੜ੍ਹ (ਆਤਿਸ਼ ਗੁਪਤਾ): ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਮੋਬਾਈਲ ਨੰਬਰ ’ਤੇ 96 ਘੰਟਿਆਂ ਵਿੱਚ 22 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਇ ਦਿੱਤੀ ਹੈ। ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਲੱਖਾਂ ਦੀ ਗਿਣਤੀ ’ਚ ਮਿਲ ਰਿਹਾ ਹੁੰਗਾਰਾ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਐਤਕੀਂ ‘ਆਪ’ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਉਧਰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਮਿਲ ਕੇ ਲੁੱਟਿਆ ਹੈ, ਜਿਸ ਕਰਕੇ ਪੰਜਾਬ ਕਰਜ਼ੇ ਦੀ ਮਾਰ ਹੇਠ ਦੱਬ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣਗੇ।