* ਛੇਹਰਟਾ ਸਕੂਲ ਵਿੱਚ ਮਿਲੀਆਂ ਸਹੂਲਤਾਂ ਦੀ ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਲਾਘਾ
* ਸਕੂਲੀ ਬੱਚਿਆਂ ਲਈ ਟਰਾਂਸਪੋਰਟ ਸਹੂਲਤ ਦੀ ਵੀ ਕੀਤੀ ਸ਼ੁਰੂਆਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਸਤੰਬਰ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਛੇਹਰਟਾ ਵਿਖੇ ਸੂਬੇ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਦੋਵੇਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਤੋਂ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਗਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਦੂਰ-ਦੁਰਾਡੇ ਤੋਂ ਲਿਆਉਣ ਲਈ ਟਰਾਂਸਪੋਰਟ ਸਹੂਲਤ ਦੀ ਵੀ ਸ਼ੁਰੂਆਤ ਕੀਤੀ। ਇਸ ਸਬੰਧੀ ਤਿਆਰ ਕੀਤੀਆਂ ਗਈਆਂ ਸਕੂਲ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਹਰ ਪੰਦਰਾਂ ਦਿਨਾਂ ਬਾਅਦ ਸੂਬੇ ਵਿਚ ਇਕ ਨਵੇਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋਵੇਗੀ ਅਤੇ ਸੂਬੇ ਭਰ ਵਿੱਚ ਸਾਰੇ ਸਰਕਾਰੀ ਸਕੂਲ ਇਸੇ ਤਰਜ਼ ’ਤੇ ਬਣਨਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ‘ਇਕ ਦੇਸ਼-ਇਕ ਸਿੱਖਿਆ’ ਦਾ ਨਾਅਰਾ ਦਿੱਤਾ ਹੈ, ਜਿਸ ਤਹਿਤ ਸਿੱਖਿਆ ਦੇ ਖੇਤਰ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ‘ਇਸ ਨਾਅਰੇ ਨੂੰ ਹੁਣ ਸਾਕਾਰ ਕੀਤਾ ਜਾ ਰਿਹਾ ਹੈ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਜਲਦੀ ਹੋਰ ਦਾਖ਼ਲੇ ਵਧਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਖਾਸ ਤੌਰ ਉਤੇ ਗਰੀਬ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਗਰੀਬ ਵਿਦਿਆਰਥੀਆਂ ਦੀ ਭਲਾਈ ਵਾਸਤੇ ਅਜਿਹੇ ਹੋਰ ਸਕੂਲ ਖੋਲ੍ਹੇ ਜਾਣਗੇ। ਇਸ ਮੌਕੇ ਦੋਵੇਂ ਮੁੱਖ ਮੰਤਰੀਆਂ ਨੇ ਜਮਾਤਾਂ ਦਾ ਦੌਰਾ ਕਰ ਕੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਛੇਹਰਟਾ ਵਿਖੇ ਸਕੂਲ ਦੀ ਇਮਾਰਤ ਨੂੰ ਨਵੀਂ ਦਿਖ ਦਿੱਤੀ ਗਈ ਹੈ। ਖੇਡ ਦੇ ਮੈਦਾਨਾਂ ਦੇ ਨਾਲ ਨਾਲ ਨਵੀਆਂ ਲੈਬਾਂ ਤਿਆਰ ਕੀਤੀਆਂ ਗਈਆਂ ਹਨ। ਜ਼ਿਲ੍ਹੇ ਵਿਚ ਛੇਹਰਟਾ ਸਕੂਲ ਸਮੇਤ 4 ਸਕੂਲ ਆਫ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਮਾਲ ਰੋਡ ਤੇ ਟਾਊਨ ਹਾਲ ਸਕੂਲ ਸ਼ਹਿਰ ਵਿਚ ਅਤੇ ਇਕ ਸਕੂਲ ਜੰਡਿਆਲਾ ਵਿਖੇ ਹੈ। ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਨੇ ਮੁੱਖ ਮੰਤਰੀਆਂ ਨੂੰ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ ਅਤੇ ਉਥੇ ਇਸ ਸਕੂਲ ਵਰਗੀਆਂ ਸਹੂਲਤਾਂ ਮੌਜੂਦ ਨਹੀਂ ਸਨ। ਉਸ ਨੇ ਇਸ ਸਕੂਲ ਦੀ ਸਥਾਪਨਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਕੁਝ ਅਧਿਆਪਕ ਅਜਿਹੇ ਵੀ ਮਿਲੇ, ਜਿਨ੍ਹਾਂ ਕਿਹਾ ਕਿ ਜੇਕਰ ਅਜਿਹਾ ਸਕੂਲ ਪਹਿਲਾਂ ਖੁਲ੍ਹਿਆ ਹੁੰਦਾ ਤਾਂ ਉਹ ਆਪਣੇ ਬੱਚੇ ਇਸੇ ਸਕੂਲ ’ਚ ਪੜ੍ਹਾਉਂਦੇ। ਦੋ ਹੋਰ ਵਿਦਿਆਰਥਣਾਂ ਆਰੀਅਨ ਤੇ ਸਾਨੀਆ ਨੇ ਕਿਹਾ ਕਿ ਇਹ ਅਤਿ ਆਧੁਨਿਕ ਕਲਾਸ ਰੂਮ ਅਤੇ ਲੈਬਾਰਟਰੀਆਂ ਵਾਲਾ ਸਕੂਲ ਉਨ੍ਹਾਂ ਦੇ ਸੁਫ਼ਨਿਆਂ ਦਾ ਸਕੂਲ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਕੂਲ ਦੇ ਐੱਨਸੀਸੀ ਕੈਡੇਟਾਂ ਤੋਂ ਸਲਾਮੀ ਲਈ ਅਤੇ ਬਾਅਦ ਵਿਚ ਸਕੂਲ ਵਿੱਚ ਨਵੇਂ ਬਣੇ ਬਾਸਕਟਬਾਲ ਕੋਰਟ ਵਿੱਚ ਵੀ ਗਏ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਸਿੱਖਿਆ ਵਿਭਾਗ ਕੇ ਕੇ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਸਕੂਲੀ ਸਿੱਖਿਆ ਦੀ ਨੁਹਾਰ ਬਦਲਣ ਲਈ 1600 ਕਰੋੜ ਰੁਪਏ ਖਰਚੇ ਜਾ ਰਹੇ ਨੇ: ਭਗਵੰਤ ਮਾਨ

ਰਣਜੀਤ ਐਵੇਨਿਊ ’ਚ ‘ਆਪ’ ਨੇ ਇਕ ਵੱਡੀ ਰੈਲੀ ਵੀ ਕੀਤੀ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ 1600 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਸਿੱਖਿਆ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ ਵੱਡੇ ਪ੍ਰਾਜੈਕਟਾਂ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ 7000 ਤੋਂ ਵੱਧ ਸਕੂਲਾਂ ਦੀ ਚਾਰਦੀਵਾਰੀ ਕਰਨ ਲਈ 358 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਕੂਲਾਂ ਵਿੱਚ ਬੈਂਚਾਂ ਤੇ ਹੋਰ ਫਰਨੀਚਰ ਉਤੇ 25 ਕਰੋੜ ਰੁਪਏ ਅਤੇ ਵਾਸ਼ਰੂਮਾਂ ਉਤੇ 60 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ 10,000 ਨਵੇਂ ਕਲਾਸ ਰੂਮ ਬਣਾਉਣ ਲਈ 800 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ। ਹਰੇਕ ਸਕੂਲ ਨੂੰ ਕੈਂਪਸ ਮੈਨੇਜਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹਰੇਕ ਸਰਕਾਰੀ ਸੈਕੰਡਰੀ ਸਕੂਲ ਨੂੰ ਦੋ-ਦੋ ਸੁਰੱਖਿਆ ਗਾਰਡ ਦਿੱਤੇ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਖਾਸ ਤੌਰ ਉਤੇ ਲੜਕੀਆਂ ਦੀ ਆਵਾਜਾਈ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦੇ ਕੋਰਸ ਸ਼ੁਰੂ ਕੀਤੇ ਜਾਣਗੇ ਅਤੇ ਇੱਕ ਲੱਖ ਵਿਦਿਆਰਥੀਆਂ ਨੂੰ ਇਸ ਦੀ ਸਿਖਲਾਈ ਦਿੱਤੀ ਜਾਵੇਗੀ।
ਸੂਬੇ ਦੇ ਲੋਕ ‘ਆਪ’ ’ਤੇ ਭਰੋਸਾ ਅਤੇ ਪਿਆਰ ਬਣਾ ਕੇ ਰੱਖਣ: ਕੇਜਰੀਵਾਲ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਲੋਕਾਂ ਨੂੰ ‘ਆਪ’ ’ਤੇ ਆਪਣਾ ਪਿਆਰ ਅਤੇ ਵਿਸ਼ਵਾਸ ਕਾਇਮ ਰੱਖਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਥਾਨਕ ਰਣਜੀਤ ਐਵੇਨਿਊ ਵਿਖੇ ‘ਆਪ’ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਅਪੀਲ ਕੀਤੀ। ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਦੀ ਇਹ ਪਹਿਲੀ ਵੱਡੀ ਰੈਲੀ ਸੀ ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਲੋਕ ਪੁੱਜੇ ਹੋਏ ਸਨ। ਭਾਵੇਂ ਇਸ ਰੈਲੀ ਨੂੰ ਸਿਖਿਆ ਕ੍ਰਾਂਤੀ ਦੇ ਆਗਾਜ਼ ਸਬੰਧੀ ਰੈਲੀ ਦਾ ਨਾਂ ਦਿੱਤਾ ਗਿਆ ਪਰ ਸਿਆਸੀ ਮਾਹਿਰਾਂ ਮੁਤਾਬਕ ‘ਆਪ’ ਨੇ ਆਗਾਮੀ ਸੰਸਦੀ ਤੇ ਹੋਰ ਚੋਣਾਂ ਲਈ ਤਿਆਰੀ ਦਾ ਬਿਗਲ ਵਜਾ ਦਿੱਤਾ ਹੈ। ਰੈਲੀ ਦੌਰਾਨ ਕੇਜਰੀਵਾਲ ਨੇ ਚੋਣਾਂ ਅਤੇ ਵੋਟਾਂ ਦਾ ਨਾਂ ਲਏ ਬਿਨਾਂ ਲੋਕਾਂ ਨੂੰ ਆਖਿਆ ਕਿ ਉਹ ‘ਆਪ’ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਆਗੂਆਂ ਪ੍ਰਤੀ ਆਪਣਾ ਪਿਆਰ ਅਤੇ ਵਿਸ਼ਵਾਸ਼ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਭਵਿੱਖ ਵਿੱਚ ਲੋਕ ਭਲਾਈ ਦੇ ਵੱਡੇ ਕਾਰਜ ਕਰਨਗੇ ਅਤੇ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਕੇਂਦਰ ਸਰਕਾਰ ਦੀ ਤਜਵੀਜ਼ ਇੱਕ ਦੇਸ਼-ਇੱਕ ਚੋਣ ਪ੍ਰਣਾਲੀ ਦਾ ਸਖਤ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ’ਤੇ ਇੱਕ ਦੇਸ਼ ਤੇ ਇੱਕ ਸਿੱਖਿਆ ਪ੍ਰਣਾਲੀ ਅਤੇ ਇੱਕ ਦੇਸ਼ ਤੇ ਇੱਕ ਸਿਹਤ ਪ੍ਰਣਾਲੀ ਹੋਣੀ ਚਾਹੀਦੀ ਹੈ ਤਾਂ ਜੋ ਹਰੇਕ ਗਰੀਬ ਅਤੇ ਅਮੀਰ ਨੂੰ ਇੱਕੋ ਜਿਹੀ ਸਿੱਖਿਆ ਅਤੇ ਸਿਹਤ ਦੀ ਮੁਫ਼ਤ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸੇ ਲਈ ਅੱਜ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮਿਲ ਸਕੇਗੀ ਜਿਸ ਨਾਲ ‘ਆਪ’ ਵੱਲੋਂ ਚੋਣਾਂ ਵਿੱਚ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦਾ ਕੀਤਾ ਗਿਆ ਵਾਅਦਾ ਵੀ ਪੂਰਾ ਹੋਵੇਗਾ। ਉਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਸਿੱਖਿਆ ਕ੍ਰਾਂਤੀ ਨੂੰ ਸਫਲ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੀ ਮੁਹੱਲਾ ਕਲੀਨਿਕਾਂ ਰਾਹੀਂ ਕ੍ਰਾਂਤੀ ਲਿਆਂਦੀ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਮਾਲੀਏ ਦੀ ਚੋਰੀ ਨੂੰ ਰੋਕਿਆ ਹੈ ਅਤੇ ਖਜ਼ਾਨੇ ਨੂੰ ਭਰਿਆ ਹੈ ਜੋ ਲੋਕ ਭਲਾਈ ਲਈ ਵਰਤਿਆ ਜਾ ਰਿਹਾ ਹੈ। ਜਦਕਿ ਪਿਛਲੀਆਂ ਸਰਕਾਰਾਂ ਖ਼ਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸੂਬੇ ਉਤੇ ਚੜ੍ਹਿਆ ਕਰਜ਼ਾ ਵੀ ਉਤਾਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਫਿਲਮ ਕਲਾਕਾਰ ਸ਼ਾਹਰੁਖ ਖਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਫਿਲਮ ਵਿੱਚ ਕਲਾਕਾਰ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਸਿਆਸੀ ਆਗੂ ਵੋਟਾਂ ਮੰਗਣ ਵਾਸਤੇ ਆਉਣ ਤਾਂ ਉਨ੍ਹਾਂ ਨੂੰ ਧਰਮ ਦੇ ਨਾਂ ’ਤੇ ਵੋਟਾਂ ਨਾ ਦੇਣਾ ਸਗੋਂ ਪੁੱਛਿਓ ਕਿ ਲੋਕਾਂ ਦੀ ਸਿਹਤ ਅਤੇ ਸਿੱਖਿਆ ਸਹੂਲਤਾਂ ਦੀਆਂ ਕੀ ਯੋਜਨਾਵਾਂ ਹਨ। ਉਨ੍ਹਾਂ ਦੀ ਪਾਰਟੀ ਦੇਸ਼ ਵਿੱਚ ਅਜਿਹੀ ਪਹਿਲੀ ਪਾਰਟੀ ਹੈ, ਜੋ ਦੇਸ਼ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਸਿੱਖਿਆ ਦੀ ਗਾਰੰਟੀ ਦੇ ਰਹੀ ਹੈ।