ਕੇ ਸੀ ਆਰ ਦੀ ਧੀ K Kavitha ਨੇ ਨਵੀਂ ਪਾਰਟੀ ਤਿਲੰਗਾਨਾ ਰਾਸ਼ਟਰ ਸੈਨਾ ਐਲਾਨੀ
ਪਿਤਾ ਕੇ ਸੀ ਆਰ ਨੂੰ ਰੂਹ ਵਿਹੂਣਾ ਦੱਸਿਆ; ਬੀ ਆਰ ਐੱਸ, ਕਾਂਗਰਸ ਅਤੇ ਭਾਜਪਾ ’ਤੇ ਪਰਿਵਾਰਵਾਦ ਦੇ ਦੋਸ਼ ਲਾਏ
ਤਿਲੰਗਾਨਾ ਜਾਗ੍ਰਿਤੀ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇ ਸੀ ਆਰ) ਦੀ ਧੀ ਕੇ ਕਵਿਤਾ ਨੇ ਅੱਜ ਆਪਣੀ ਨਵੀਂ ਸਿਆਸੀ ਪਾਰਟੀ ਤਿਲੰਗਾਨਾ ਰਾਸ਼ਟਰ ਸੈਨਾ (ਟੀ ਆਰ ਐੱਸ) ਬਣਾਉਣ ਦਾ ਐਲਾਨ ਕਰ ਦਿੱਤਾ। ਸ਼ਹਿਰ ਦੇ ਬਾਹਰਵਾਰ ਕਰਵਾਏ ਸਮਾਗਮ ਦੌਰਾਨ ਕਵਿਤਾ ਨੇ ਆਪਣੇ ਪਿਤਾ ਦੀ ਅਗਵਾਈ ਹੇਠਲੀ ਬੀ ਆਰ ਐੱਸ, ਸੱਤਾਧਾਰੀ ਕਾਂਗਰਸ ਅਤੇ ਭਾਜਪਾ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਆਪਣੇ ਪਿਤਾ ਨੂੰ ‘ਬਦਲਿਆ ਹੋਇਆ ਵਿਅਕਤੀ’ ਕਰਾਰ ਦਿੰਦਿਆਂ ਕਿਹਾ ਕਿ ਕੇ ਸੀ ਆਰ ਹੁਣ ‘ਰੂਹ ਵਿਹੂਣੇ’ ਹੋ ਚੁੱਕੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਬੀ ਆਰ ਐੱਸ, ਕਾਂਗਰਸ ਅਤੇ ਭਾਜਪਾ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਵਿੱਚ ਡੁੱਬੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨਾਲ ਮੁਫ਼ਤ ਸਿੱਖਿਆ, ਸਿਹਤ ਅਤੇ ਬਿਜਲੀ ਸਮੇਤ ਪੰਜ ਵੱਡੇ ਵਾਅਦਿਆਂ ਵਾਲਾ ‘ਪੰਚਜੰਨਿਆ’ ਏਜੰਡਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕੇ ਸੀ ਆਰ ਅਤੇ ਕੇ ਟੀ ਰਾਮਾ ਰਾਓ ਲੋਕ ਮੁੱਦਿਆਂ ਤੋਂ ਭੱਜ ਰਹੇ ਹਨ ਅਤੇ ਪੰਜਾਬ ਤੇ ਬਿਹਾਰ ਵਰਗੇ ਸੂਬਿਆਂ ਵਿੱਚ ਪਾਰਟੀ ਦੇ ਵਿਸਥਾਰ ਦੇ ਚੱਕਰ ਵਿੱਚ ਆਪਣੇ ਸੂਬੇ ਦੇ ਹਿੱਤ ਭੁੱਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਲੇਸ਼ਵਰਮ ਪ੍ਰਾਜੈਕਟ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਣ ਕਾਰਨ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਿਆ ਗਿਆ ਸੀ। ਮੁੱਖ ਮੰਤਰੀ ਰੇਵੰਤ ਰੈੱਡੀ ਦੀ ਤੁਲਨਾ ‘ਹਿਟਲਰ’ ਨਾਲ ਕਰਦਿਆਂ ਕਵਿਤਾ ਨੇ ਘਰ ਢਾਹੁਣ ਅਤੇ ਪੁਲੀਸ ਹਿਰਾਸਤ ਵਿੱਚ ਹੋਈਆਂ ਮੌਤਾਂ ਦਾ ਮੁੱਦਾ ਵੀ ਚੁੱਕਿਆ।

