ਹੈਦਰਾਬਾਦ, 20 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਥੇ ਜਨਗਾਓਂ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ’ਚ ਭਾਜਪਾ ਦੀ ਸਰਕਾਰ ਬਣਨ ‘ਤੇ ਬੀਆਰਐੱਸ ਸਰਕਾਰ ਦੇ ‘ਭ੍ਰਿਸ਼ਟ ਸੌਦਿਆਂ’ ਦੀ ਜਾਂਚ ਕਰਵਾਈ ਜਾਵੇਗੀ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਵਿੱਚ ਪਹਿਲੇ ਨੰਬਰ ’ਤੇ ਹਨ। ਬੀਆਰਐੱਸ ਸ਼ਾਸਨ ਦੌਰਾਨ ਹੋਏ ਕਥਿਤ ਘੁਟਾਲਿਆਂ ਦਾ ਵੀ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਕਾਲੇਸ਼ਵਰਮ ਪ੍ਰਾਜੈਕਟ, ਸ਼ਰਾਬ ਘੋਟਾਲਾ ਅਤੇ ਹੈਦਰਾਬਾਦ ਦੇ ਮੀਆਂਪੁਰ ਵਿਖੇ ਜ਼ਮੀਨ ਦੇ ਸੌਦੇ ਦੇ ਘੋਟਾਲੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਸੱਤਾ ਸੰਭਾਲਣ ‘ਤੇ ਕਾਲੇਸ਼ਵਰਮ ਅਤੇ ਧਾਰਨੀ ਸਮੇਤ ਵਿਕਾਸ ਦੇ ਨਾਮ ‘ਤੇ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦੀ ਜਾਂਚ ਲਈ ਇੱਕ ਜਾਂਚ ਕਮਿਸ਼ਨ ਨਿਯੁਕਤ ਕਰੇਗੀ, ਜਿਨ੍ਹਾਂ ਵਿੱਚ ਭਾਰੀ ਵਾਧਾ ਅਤੇ ਭ੍ਰਿਸ਼ਟਾਚਾਰ ਦੇਖਿਆ ਜਾ ਰਿਹਾ ਹੈ। ਸ਼ਾਹ ਨੇ ਭਾਜਪਾ ਦੇ ਵਾਅਦੇ ਨੂੰ ਦੁਹਰਾਇਆ ਕਿ ਜੇਕਰ ਪਾਰਟੀ 30 ਨਵੰਬਰ ਦੀਆਂ ਚੋਣਾਂ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਇੱਕ ਪੱਛੜੀ ਜਾਤੀ ਦੇ ਆਗੂ ਨੂੰ ਰਾਜ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ ਅਤੇ ਅਯੁੱਧਿਆ ਵਿੱਚ ਭਗਵਾਨ ਰਾਮ ਮੰਦਰ ਵਿੱਚ ਮੁਫਤ ਦਰਸ਼ਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। -ਪੀਟੀਆਈ