ਬੰਗਲੂਰੂ, 28 ਜੂਨ
ਕਰਨਾਟਕ ਹਾਈ ਕੋਰਟ ਨੇ ਕਾਪੀਰਾਈਟ ਦੀ ਉਲੰਘਣਾ ਦੇ ਮਾਮਲੇ ਵਿੱਚ ਕਾਂਗਰਸੀ ਆਗੂਆਂ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰਿਯਾ ਸ਼੍ਰੀਨੇਤ ਖ਼ਿਲਾਫ਼ ਦਰਜ ਪਰਚੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਇਨ੍ਹਾਂ ਤਿੰਨਾਂ ਆਗੂਆਂ ਖ਼ਿਲਾਫ਼ ਫਿਲਮ ਕੇਜੀਐੱਫ ਚੈਪਟਰ-2 ਦੇ ਸੰਗੀਤ ਬਾਰੇ ਕਾਪੀਰਾਈਟ ਦੀ ਉਲੰਘਣਾ ਦੇ ਦੋਸ਼ ਤਹਿਤ ਪਰਚਾ ਦਰਜ ਹੈ। ਜਸਟਿਸ ਐੱਮ. ਨਾਗਪ੍ਰਸੰਨਾ ਦੀ ਅਗਵਾਈ ਵਾਲੇ ਬੈਂਚ ਨੇ ਇਨ੍ਹਾਂ ਆਗੂਆਂ ਵੱਲੋਂ ਪਰਚਾ ਰੱਦ ਕਰਨ ਸਬੰਧੀ ਦਾਇਰ ਕੀਤੀ ਗਈ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੰਪਨੀ ਐੱਮਆਰਟੀ ਮਿਊਜ਼ਿਕ ਦੇ ਐੱਮ. ਨਵੀਨ ਕੁਮਾਰ ਨੇ ਬੰਗਲੂਰੂ ਦੇ ਯਸ਼ਵੰਤਪੁਰ ਥਾਣੇ ਵਿੱਚ ਰਿਪੋਰਟ ਲਿਖਵਾਈ ਸੀ ਕਿ ਭਾਰਤ ਜੋੜੋ ਯਾਤਰਾ ਦੀ ਪ੍ਰੋਮੋਸ਼ਨਲ ਵੀਡੀਓ ਵਿੱਚ ਕਾਂਗਰਸ ਪਾਰਟੀ ਨੇ ਫਿਲਮ ਦੇ ਸੰਗੀਤ ਦੀ ਵਰਤੋਂ ਕੀਤੀ ਸੀ। ਇਸ ਫਿਲਮ ਦੇ ਸੰਗੀਤ ਦਾ ਕਾਪੀਰਾਈਟ ਐੱਮਆਰਟੀ ਮਿਊਜ਼ਿਕ ਕੰਪਨੀ ਕੋਲ ਹੈ। ਹਾਈ ਕੋਰਟ ਨੇ ਕਾਂਗਰਸੀ ਆਗੂਆਂ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਪਟੀਸ਼ਨਰਾਂ ਨੇ ਬਿਨਾਂ ਪ੍ਰਵਾਨਗੀ ਤੋਂ ਸੰਗੀਤ ਦੇ ਸੋਰਸ ਕੋਡ ਨਾਲ ਛੇੜਛਾੜ ਕੀਤੀ ਜਿਸ ਨਾਲ ਕਾਪੀਰਾਈਟ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਅਦਾਲਤ ਵਿੱਚ ਕਾਂਗਰਸੀ ਆਗੂਆਂ ਦੇ ਕੇਸ ਦੀ ਪੈਰਵੀ ਏ. ਐੱਸ. ਪੋਨੰਨਾ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਤਰਕ ਦਿੱਤਾ ਕਿ ਇਹ ਕੇਸ ਕਾਪੀਰਾਈਟ ਦੀ ਉਲੰਘਣਾ ਨਾਲ ਸਬੰਧਤ ਹੈ ਪਰ ਇਸ ਮਾਮਲੇ ਬਾਰੇ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲੀਸ ਨੇ ਵੀ ਫੌਰੀ ਤੌਰ ’ਤੇ ਪਰਚਾ ਦਰਜ ਕਰ ਲਿਆ।
ਇਸ ਕੇਸ ਦੇ ਸਬੰਧ ਵਿੱਚ ਵਪਾਰਕ ਅਦਾਲਤ ਵਿੱਚ ਵੀ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਿਸ ਮਗਰੋਂ ਅਦਾਲਤ ਨੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਾਮ (ਫਰੀਜ਼) ਕਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਕਾਂਗਰਸ ਨੇ ਸੋਸ਼ਲ ਮੀਡੀਆ ਤੋਂ ਸਬੰਧਤ ਵੀਡੀਓ ਨੂੰ ਹਟਾਉਣ ਬਾਰੇ ਜਵਾਬ ਦਾਇਰ ਕੀਤਾ ਸੀ ਤੇ ਹਾਈ ਕੋਰਟ ਨੇ ਵਪਾਰਕ ਅਦਾਲਤ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ। -ਪੀਟੀਆਈ