ਭੋਪਾਲ/ਲਖਨਊ, 9 ਜੁਲਾਈ
ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਅੱਠ ਪੁਲੀਸ ਮੁਲਾਜ਼ਮਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੂਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ, ‘ਦੂਬੇ ਉਜੈਨ ’ਚ ਸੂਬਾ ਪੁਲੀਸ ਦੀ ਹਿਰਾਸਤ ’ਚ ਹੈ।’ ਦੂਬੇ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਪਹਿਲਾਂ ਉਸ ਦੇ ਕਥਿਤ ਦੋ ਸਾਥੀ ਉੱਤਰ ਪ੍ਰਦੇਸ਼ ਪੁਲੀਸ ਨਾਲ ਹੋਏ ਵੱਖ ਵੱਖ ਮੁਕਾਬਲਿਆਂ ’ਚ ਮਾਰੇ ਗਏ। ਇਨ੍ਹਾਂ ’ਚੋਂ ਇੱਕ ਨੂੰ ਫਰੀਦਾਬਾਦ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਉੱਤਰ ਪ੍ਰਦੇਸ਼ ਲਿਆਂਦਾ ਗਿਆ ਸੀ। ਉਸ ਨੇ ਇੱਕ ਪੁਲੀਸ ਮੁਲਾਜ਼ਮ ਤੋਂ ਕਥਿਤ ਤੌਰ ’ਤੇ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਦੋ ਪੁਲੀਸ ਮੁਲਾਜ਼ਮਾਂ ਸਮੇਤ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਡੀਜੀ (ਕਾਨੂੰਨ ਪ੍ਰਬੰਧ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਦੂਬੇ ਨੂੰ ਟਰਾਂਜ਼ਿਟ ਰਿਮਾਂਡ ’ਤੇ ਯੂਪੀ ਲਿਆਂਦਾ ਜਾਵੇਗਾ।
ਦੂਜੇ ਪਾਸੇ ਦੂਬੇ ਦੀ ਗ੍ਰਿਫ਼ਤਾਰੀ ’ਤੇ ਸਵਾਲ ਚੁੱਕਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ੇ ਟਵੀਟ ਕੀਤਾ, ‘ਖ਼ਬਰ ਆ ਰਹੀ ਹੈ ਕਿ ਕਾਨਪੁਰ ਕਾਂਡ ਦਾ ਮੁੱਖ ਦੋਸ਼ੀ ਪੁਲੀਸ ਹਿਰਾਸਤ ’ਚ ਹੈ। ਜੇਕਰ ਇਹ ਸੱਚ ਹੈ ਤਾਂ ਸਰਕਾਰ ਸਪੱਸ਼ਟ ਕਰੇ ਕਿ ਇਹ ਆਤਮ ਸਮਰਪਣ ਹੈ ਜਾਂ ਗ੍ਰਿਫ਼ਤਾਰੀ। ਨਾਲ ਹੀ ਉਸ ਦੇ ਮੋਬਾਈਲ ਦੀ ਕਾਲ ਡਿਟੇਲ ਜਨਤਕ ਕਰੇ ਜਿਸ ਨਾਲ ਅਸਲੀ ਮਿਲੀਭਗਤ ਦਾ ਭਾਂਡਾ ਭੰਨਿਆ ਜਾ ਸਕੇ।’ -ਪੀਟੀਆਈ
ਕਾਨਪੁਰ ਕਾਂਡ ਦੀ ਸੀਬੀਆਈ ਜਾਂਚ ਹੋਵੇ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਨਪੁਰ ਕਾਂਡ ਦੇ ਮਾਮਲੇ ’ਚ ਯੂਪੀ ਸਰਕਾਰ ’ਤੇ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘ਯੂਪੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਅਲਰਟ ਦੇ ਬਾਵਜੂਦ ਦੋਸ਼ੀ ਦਾ ਉਜੈਨ ਤੱਕ ਪਹੁੰਚਣਾ ਨਾ ਸਿਰਫ਼ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ ਬਲਕਿ ਮਿਲੀਭੁਗਤ ਵੱਲ ਇਸ਼ਾਰਾ ਵੀ ਕਰਦਾ ਹੈ।’ -ਪੀਟੀਆਈ
ਦੂਬੇ ਦਾ ਆਤਮ-ਸਮਰਪਣ ਯੋਜਨਾਬੱਧ ਹੋਣ ਦਾ ਦਾਅਵਾ
ਕਾਨਪੁਰ/ਲਖਨਊ: ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਮੁਕਾਬਲੇ ’ਚ ਮਾਰੇ ਗਏ ਪੁਲੀਸ ਡੀਐੱਸਪੀ ਦੇਵੇਂਦਰ ਮਿਸ਼ਰਾ ਦੇ ਰਿਸ਼ਤੇਦਾਰ ਨੇ ਕਮਲ ਕਾਂਤ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਯੋਜਨਾਬੱਧ ਆਤਮ-ਸਮਰਪਣ ਹੈ ਤਾਂ ਕਿ ਉਸ ਨੂੰ ਮਰਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ, ‘ਇਹ ਗ੍ਰਿਫ਼ਤਾਰੀ ਪੂਰੀ ਯੋਜਨਾ ਬਣਾ ਕੇ ਕੀਤੀ ਗਈ ਹੈ। ਵਿਕਾਸ ਦੂਬੇ 12 ਘੰਟੇ ਪਹਿਲਾਂ ਫਰੀਦਾਬਾਦ ’ਚ ਸੀ ਤੇ ਸਿਰਫ਼ 12 ਘੰਟੇ ’ਚ ਉਜੈਨ ਦੇ ਮਹਾਕਾਲ (ਮੰਦਰ) ਪਹੁੰਚ ਗਿਆ। ਪੁਲੀਸ ਗ੍ਰਿਫ਼ਤਾਰ ਕਰਨ ਗਈ ਤਾਂ ਆਪਣੇ ਨਾਲ ਮੀਡੀਆ ਨੂੰ ਲੈ ਗਈ। ਤੁਸੀਂ ਅਜਿਹੀਆਂ ਕਿੰਨੀਆਂ ਨੂੰ ਗ੍ਰਿਫ਼ਤਾਰੀਆਂ ਦੇਖੀਆਂ ਹਨ।’ ਉਨ੍ਹਾਂ ਦਾਅਵਾ ਕੀਤਾ, ‘ਇਹ ਗ੍ਰਿਫ਼ਤਾਰੀ ਨਹੀਂ ਹੈ ਬਲਕਿ ਉਸ ਨੂੰ ਮੌਤ ਤੋਂ ਬਚਾਇਆ ਗਿਆ ਹੈ। ਇਹ ਆਤਮ-ਸਮਰਪਣ ਪੂਰੀ ਤਰ੍ਹਾਂ ਯੋਜਨਾਬੱਧ ਹੈ।’ -ਪੀਟੀਆਈ