ਕਲਯੁਗੀ ਪਤੀ ਨੇ 1,000 ਰੁਪਏ ’ਚ ਵੇਚੀ ਪਤਨੀ ਦੀ ਇੱਜ਼ਤ: ਦੋ ਦੋਸਤਾਂ ਨੇ ਜੰਗਲ ’ਚ ਕੀਤਾ ਸਮੂਹਿਕ ਬਲਾਤਕਾਰ
ਕਲਯੁਗੀ ਪਤੀ ਨੇ 1,000 ਰੁਪਏ ’ਚ ਵੇਚੀ ਪਤਨੀ ਦੀ ਇੱਜ਼ਤ: ਦੋ ਦੋਸਤਾਂ ਨੇ ਜੰਗਲ ’ਚ ਕੀਤਾ ਸਮੂਹਿਕ ਬਲਾਤਕਾਰ
ਉੱਤਰ ਪ੍ਰਦੇਸ਼ ਦੇ ਬਦਾਂਯੂ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਮਹਿਜ਼ 1,000 ਰੁਪਏ ਦੇ ਲਾਲਚ ਵਿੱਚ ਆਪਣੀ ਪਤਨੀ ਨੂੰ ਆਪਣੇ ਦੋਸਤਾਂ ਹਵਾਲੇ ਕਰ ਦਿੱਤਾ। ਫੈਜ਼ਗੰਜ ਬੇਹਟਾ ਥਾਣਾ ਖੇਤਰ ਦੀ ਰਹਿਣ ਵਾਲੀ 30 ਸਾਲਾ ਪੀੜਤ ਮਹਿਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਨੇ ਪੈਸੇ ਲੈ ਕੇ ਉਸ ਨੂੰ ਆਪਣੇ ਦੋਸਤਾਂ ਨਾਲ ਭੇਜ ਦਿੱਤਾ ਸੀ। ਮਹਿਲਾ ਦਾ ਦੋਸ਼ ਹੈ ਕਿ ਪਤੀ ਦੇ ਦੋ ਦੋਸਤਾਂ (ਬਾਲਕਿਸ਼ਨ ਅਤੇ ਪੱਪੂ), ਨੇ ਉਸ ਨੂੰ ਜੰਗਲ ਵਿੱਚ ਲਿਜਾ ਕੇ ਉਸ ਨਾਲ ਵਾਰੋ-ਵਾਰੀ ਸਮੂਹਿਕ ਬਲਾਤਕਾਰ ਕੀਤਾ।
ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪਤੀ ਅਤੇ ਉਸ ਦੇ ਦੋਵੇਂ ਦੋਸਤਾਂ ਵਿਰੁੱਧ FIR ਦਰਜ ਕਰ ਲਈ ਹੈ। ਐੱਸ.ਪੀ. (ਦਿਹਾਤੀ) ਹਿਰਦੇਸ਼ ਕਠੇਰੀਆ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ, ਪੱਪੂ ਅਤੇ ਬਾਲਕਿਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ, ਪੀੜਤ ਮਹਿਲਾ ਦਾ ਪਤੀ 'ਛੁੱਟਨ' ਫਿਲਹਾਲ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀਆਂ ਦੋ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਮਹਿਲਾ ਨੂੰ ਡਾਕਟਰੀ ਜਾਂਚ ਲਈ ਜ਼ਿਲ੍ਹਾ ਮਹਿਲਾ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲੀਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਤੇਜ਼ ਕੀਤੀ ਜਾਵੇਗੀ।

