Jharkhand students stir: ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਝੜਪ; ਅੱਥਰੂ ਗੈਸ ਦੇ ਗੋਲੇ ਛੱਡੇ ਗਏ
JPSC ਦੇ ਸਾਬਕਾ ਮੁਖੀ ਗ੍ਰਿਫ਼ਤਾਰ
ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ 'ਚ ਕਥਿਤ ਗੜਬੜੀਆਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਨੌਕਰੀ ਦੇ ਉਮੀਦਵਾਰਾਂ ਦੀ ਸੋਮਵਾਰ ਨੂੰ ਪੁਲੀਸ ਨਾਲ ਝੜਪ ਹੋ ਗਈ। ਉਨ੍ਹਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਸੂਬੇ ਦੀ ਵਿਧਾਨ ਸਭਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਜਿੱਥੇ ਇਸ ਸਮੇਂ ਸੈਸ਼ਨ ਚੱਲ ਰਿਹਾ ਹੈ।
ਪੁਲੀਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ, ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਝਾਰਖੰਡ ਪੁਲੀਸ ਨੇ ਲਾਠੀਚਾਰਜ ਵੀ ਕੀਤਾ। ਕਈ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਨਵੇਂ ਵਿਧਾਨ ਸਭਾ ਕੰਪਲੈਕਸ ਵੱਲ ਜਾਣ ਵਾਲੀ ਸੜਕ 'ਤੇ ਜਗਨਨਾਥਪੁਰ ਮੰਦਰ ਕੋਲ ਆਖਰੀ ਬੈਰੀਕੇਡ ਤੱਕ ਪਹੁੰਚਣ ਤੋਂ ਬਾਅਦ ਪੁਲੀਸ ਦੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਏ।
ਇਹ ਰੋਸ ਪ੍ਰਦਰਸ਼ਨ, ਝਾਰਖੰਡ ਲੋਕ ਸੇਵਾ ਆਯੋਗ (JPSC) ਅਤੇ ਝਾਰਖੰਡ ਕਰਮਚਾਰੀ ਚੋਣ ਆਯੋਗ (JSSC) ਵੱਲੋਂ ਆਯੋਜਿਤ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਵਿਰੁੱਧ ਚੱਲ ਰਹੇ ਵਿਦਿਆਰਥੀ ਅੰਦੋਲਨ ਦਾ 17ਵਾਂ ਦਿਨ ਸੀ ਅਤੇ ਇਸ ਵਿੱਚ ਤੇਜ਼ੀ ਦੇਖੀ ਗਈ।
ਉੱਥੇ ਹੀ ਪੁਲੀਸ ਪ੍ਰਸ਼ਾਸਨ ਨੇ ਵਿਧਾਨ ਸਭਾ ਰੂਟ ‘ਤੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਸਨ ਪਰ ਕੰਡਿਆਲੀ ਤਾਰਾਂ ਦੀਆਂ ਕਈ ਪਰਤਾਂ ਨਾਲ ਲੈਸ ਬੈਰੀਕੇਡ ਵੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵਿੱਚ ਅਸਫ਼ਲ ਰਹੇ।
ਪ੍ਰਦਰਸ਼ਨਕਾਰੀ ਜੇ ਐੱਸ ਐੱਸ ਸੀ (JSSC) ਸੰਯੁਕਤ ਗ੍ਰੈਜੂਏਟ ਪੱਧਰ (CGL) ਦੀ ਪ੍ਰੀਖਿਆ ਨੂੰ ਰੱਦ ਕਰਨ ਅਤੇ ਕਥਿਤ ਬੇਨਿਯਮੀਆਂ ਦੀ ਕੇਂਦਰੀ ਜਾਂਚ ਬਿਊਰੋ (CBI) ਤੋਂ ਜਾਂਚ ਦੀ ਮੰਗ ਕਰ ਰਹੇ ਸਨ।
ਇਸ ਦੌਰਾਨ, ਝਾਰਖੰਡ ਸੀ ਆਈ ਡੀ (CID) ਨੇ ਸੋਮਵਾਰ ਨੂੰ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਜੇ ਪੀ ਐੱਸ ਸੀ (JPSC) ਦੇ ਸਾਬਕਾ ਚੇਅਰਪਰਸਨ ਐੱਲ ਖਿਆਂਗਤੇ (L Khiangte) ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨਾਲ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ 20 ਹੋ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਵੱਡੇ ਪੱਧਰ ‘ਤੇ ਹੋਏ ਪ੍ਰਦਰਸ਼ਨਾਂ ਦੌਰਾਨ ਤਿੰਨੋਂ ਜੇ ਪੀ ਐੱਸ ਸੀ ਮੈਂਬਰਾਂ ਦੇ ਅਸਤੀਫ਼ੇ ਦੇਣ ਤੋਂ ਇੱਕ ਦਿਨ ਬਾਅਦ ਹੋਈ ਹੈ।

