ਝਾਰਖੰਡ ਦੇ ਸੀਨੀਅਰ ਮੰਤਰੀ Sudivya Kumar ਦਾ ਦਿਹਾਂਤ
56 ਸਾਲ ਦੀ ਉਮਰ ’ਚ ਲਏ ਅੰਤਿਮ ਸਾਹ; ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਝਾਰਖੰਡ ਦੇ ਉੱਚ ਤੇ ਤਕਨੀਕੀ ਸਿੱਖਿਆ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਦਿਵਿਆ ਕੁਮਾਰ (Sudivya Kumar) ‘ਸੋਨੂ’ ਦਾ ਐਤਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 56 ਸਾਲਾਂ ਦੇ ਸਨ। ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਸੀਨੀਅਰ ਨੇਤਾ ਅਤੇ ਗਿਰਿਡੀਹ ਤੋਂ ਵਿਧਾਇਕ ਸੁਦਿਵਿਆ ਕੁਮਾਰ ਨੂੰ ਸ਼ਨੀਵਾਰ ਦੇਰ ਰਾਤ ਅਚਾਨਕ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸਵੇਰੇ ਲਗਭਗ 4 ਵਜੇ ਉਨ੍ਹਾਂ ਅੰਤਿਮ ਸਾਹ ਲਏ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਬੇਟੀਆਂ ਅਤੇ ਇੱਕ ਬੇਟਾ ਹੈ।ਸੁਦਿਵਿਆ ਕੁਮਾਰ ਕੋਲ ਸ਼ਹਿਰੀ ਵਿਕਾਸ ਤੋਂ ਇਲਾਵਾ ਟੂਰਿਜ਼ਮ, ਕਲਾ-ਸੱਭਿਆਚਾਰ ਅਤੇ ਖੇਡ ਵਿਭਾਗਾਂ ਦਾ ਵੀ ਪ੍ਰਭਾਰ ਸੀ। ਮੁੱਖ ਮੰਤਰੀ ਹੇਮੰਤ ਸੋਰੇਨ, ਵਿਧਾਨ ਸਭਾ ਸਪੀਕਰ ਰਬਿੰਦਰ ਨਾਥ ਮਹਤੋ ਸਮੇਤ ਕਈ ਆਗੂਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਰਾਤ ਦੇਰ ਗਏ ਮੈਨੂੰ ਆਪਣੇ ਵੱਡੇ ਭਰਾ ਸੁਦਿਵਿਆ ਕੁਮਾਰ ਜੀ ਦੇ ਚਲੇ ਜਾਣ ਦੀ ਖ਼ਬਰ ਮਿਲੀ। ਸੋਨੂ ਭਰਾ ਦਾ ਜਾਣਾ ਮੇਰੀ ਜ਼ਿੰਦਗੀ ਵਿੱਚ ਅਜਿਹਾ ਘਾਟਾ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸਿਰਫ਼ ਇੱਕ ਸੀਨੀਅਰ ਸਾਥੀ ਹੀ ਨਹੀਂ, ਸਗੋਂ ਹਰ ਔਖੇ ਸਮੇਂ ਵਿੱਚ ਮੇਰੇ ਨਾਲ ਡਟ ਕੇ ਖੜ੍ਹੇ ਰਹਿਣ ਵਾਲੇ ਮਾਰਗਦਰਸ਼ਕ ਸਨ। ਝਾਰਖੰਡ ਅੰਦੋਲਨ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਜੇ.ਐੱਮ.ਐੱਮ. ਦੇ ਸੰਸਥਾਪਕ ਸ਼ਿਬੂ ਸੋਰੇਨ ਜੀ ਨਾਲ ਪੂਰੀ ਨਿਸ਼ਠਾ ਨਾਲ ਕੰਮ ਕੀਤਾ।”
ਜ਼ਿਕਰਯੋਗ ਹੈ ਕਿ ਸੁਦਿਵਿਆ ਕੁਮਾਰ ਪਹਿਲੀ ਵਾਰ 2019 ਵਿੱਚ ਗਿਰਿਡੀਹ ਤੋਂ ਵਿਧਾਇਕ ਚੁਣੇ ਗਏ ਸਨ। ਉਹ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਸਨ ਅਤੇ ਪਾਰਟੀ ਦੇ ਸੰਕਟਮੋਚਕ ਵਜੋਂ ਜਾਣੇ ਜਾਂਦੇ ਸਨ।

