ਨਵੀਂ ਦਿੱਲੀ, 11 ਜੁਲਾਈ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਏ-ਮੇਨ ਦਾ ਨਤੀਜਾ ਐਲਾਨ ਦਿੱਤਾ ਹੈ। ਇੰਜਨੀਅਰਿੰਗ ਕਾਲਜਾਂ/ਸੰਸਥਾਨਾਂ ਵਿੱਚ ਦਾਖਲਿਆਂ ਵਾਲੀ ਇਸ ਪ੍ਰੀਖਿਆ ਵਿਚ 14 ਉਮੀਦਵਾਰਾਂ ਨੇ ਪਰਫੈਕਟ 100 ਦਾ ਸਕੋਰ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਦਾ ਮ੍ਰਿਨਾਲ ਗਰਗ ਤੇ ਹਰਿਆਣਾ ਦਾ ਸਾਰਥਕ ਮਹੇਸ਼ਵਰੀ ਵੀ ਸ਼ਾਮਲ ਹਨ। ਜੇਈਈ-ਮੇਨ 2022 ਦੇ ਇਸ ਪਹਿਲੇ ਐਡੀਸ਼ਨ ਵਿੱਚ ਸਿਖਰਲਾ ਸਕੋਰ ਹਾਸਲ ਕਰਨ ਵਾਲੇ ਉਮੀਦਵਾਰਾਂ ਵਿਚੋਂ ਤਿਲੰਗਾਨਾ ਚਾਰ ਨਾਲ ਪਹਿਲੇ ਜਦੋਂਕਿ ਆਂਧਰਾ ਪ੍ਰਦੇਸ਼ 3 ਨਾਲ ਦੂਜੇ ਸਥਾਨ ’ਤੇ ਹੈ। ਤਿਲੰਗਾਨਾ ਦੇ ਟੌਪ ਸਕੋਰਰਾਂ ਵਿੱਚ ਜਸਤੀ ਯਸ਼ਵੰਤ ਵੀਵੀਐੱਸ, ਰੁਪੇਸ਼ ਬਿਯਾਨੀ, ਅਨਿਕੇਤ ਚੱਟੋਪਾਧਿਆਏ ਤੇ ਧੀਰਜ ਕੁਰੂਕੁੰਡਾ ਹਨ। ਕੋਯਾਯਾਨਾ ਸੁਹਾਸ, ਪੈਨੀਕਲਪਤੀ ਰਵੀ ਕਿਸ਼ੋਰ ਤੇ ਪੋਲੀਸੈੱਟੀ ਕਾਰਤੀਕੇਯ ਆਂਧਰਾ ਪ੍ਰਦੇਸ਼ ਦੇ ਟੌਪ ਸਕੋਰਰ ਹਨ। ਪਰਫੈਕਟ 100 ਦਾ ਅੰਕੜਾ ਲਾਉਣ ਵਾਲੇ ਹੋਰਨਾਂ ਉਮੀਦਵਾਰਾਂ ਵਿੱਚ ਕੁਸ਼ਾਗਰਾ ਸ੍ਰੀਵਾਸਤਵਾ(ਝਾਰਖੰਡ), ਸਨੇਹਾ ਪਾਰਿਕ (ਅਸਾਮ), ਨਵਯਾ (ਰਾਜਸਥਾਨ), ਬੋਯਾ ਹਾਰਸੇਨ ਸਾਤਵਿਕ (ਕਰਨਾਟਕ) ਤੇ ਸੋਮਿੱਤਰਾ ਗਰਗ (ਉੱਤਰ ਪ੍ਰਦੇਸ਼) ਸ਼ਾਮਲ ਹਨ। ਜੇਈਈ ਮੁੱਖ ਪ੍ਰੀਖਿਆ ਲਈ 8.7 ਲੱਖ ਤੋਂ ਉਮੀਦਵਾਰਾਂ ਨੇ ਪੰਜੀਕਰਨ ਕੀਤਾ ਸੀ, ਜਦੋਂਕਿ 7.69 ਲੱਖ ਹੀ ਪ੍ਰੀਖਿਆ ਵਿੱਚ ਬੈਠੇ। ਪ੍ਰੀਖਿਆ ਲਈ 407 ਸ਼ਹਿਰਾਂ ਵਿੱਚ 588 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਸੀਨੀਅਰ ਐੱਨਟੀਏ ਅਧਿਕਾਰੀ ਨੇ ਕਿਹਾ ਕਿ ਭਾਰਤ ਤੋਂ ਬਾਹਰ 17 ਸ਼ਹਿਰਾਂ ਵਿੱਚ ਵੀ ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿੱਚ ਮਨਾਮਾ, ਦੋਹਾ, ਦੁਬਈ, ਕਾਠਮੰਡੂ, ਮਸਕਟ, ਰਿਆਧ, ਸ਼ਾਰਜਾਹ, ਸਿੰਗਾਪੁਰ, ਕੁਵੈਤ ਸ਼ਹਿਰ, ਕੁਆਲਾਲੰਪੁਰ, ਲਾਗੋਸ, ਕੋਲੰਬੋ, ਜਕਾਰਤਾ, ਵੀਏਨਾ, ਮਾਸਕੋ, ਪੋਰਟ ਲੂਇਸ ਤੇ ਬੈਂਕਾਕ ਸ਼ਾਮਲ ਹਨ। ਪ੍ਰੀਖਿਆ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਸਣੇ 13 ਭਾਸ਼ਾਵਾਂ ਵਿੱਚ ਲਈ ਗਈ ਸੀ। ਜੇਈਏ-ਮੇਨ ਦਾ ਦੂਜਾ ਸੈਸ਼ਨ 21 ਤੋਂ 30 ਜੁਲਾਈ ਲਈ ਤਜਵੀਜ਼ਤ ਹੈ। -ਪੀਟੀਆਈ