ਜਪਾਨੀ ਜੰਗੀ ਜਹਾਜ਼ਾਂ ਨੇ ਪਹਿਲੀ ਵਾਰ ਭਾਰਤੀ ਧਰਤੀ ਤੋਂ ਭਰੀ ਉਡਾਣ
ਭਾਰਤੀ ਏਅਰ ਫੋਰਸ ਦੇ ਮੁਖੀ ਨੇ ਸਾਂਝੀ ਹਵਾਈ ਮਸ਼ਕ ਦੀ ਸ਼ਲਾਘਾ ਕੀਤੀ
ਭਾਰਤੀ ਏਅਰ ਫੋਰਸ ਦੇ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਇੱਥੇ ਚੱਲ ਰਹੀਆਂ ਦੁਵੱਲੀਆਂ ਹਵਾਈ ਮਸ਼ਕਾਂ ਦੌਰਾਨ ਕਿਹਾ ਕਿ ਪਹਿਲੀ ਵਾਰ ਭਾਰਤੀ ਧਰਤੀ ਤੋਂ ਜਪਾਨੀ ਜੰਗੀ ਜਹਾਜ਼ਾਂ ਦਾ ਉਡਾਣ ਭਰਨਾ ਭਾਰਤ ਅਤੇ ਜਪਾਨ ਦਰਮਿਆਨ ਰੱਖਿਆ ਸਹਿਯੋਗ ਵਿੱਚ ਵੱਡਾ ਮੀਲ ਪੱਥਰ ਹੈ। 9 ਤੋਂ 22 ਸਤੰਬਰ ਤੱਕ ਏਅਰ ਫੋਰਸ ਸਟੇਸ਼ਨ, ਜੋਧਪੁਰ ਵਿੱਚ ਕਰਵਾਈਆਂ ਜਾ ਰਹੀਆਂ ਇਨ੍ਹਾਂ ਮਸ਼ਕਾਂ ਵਿੱਚ ਭਾਰਤੀ ਹਵਾਈ ਸੈਨਾ ਦੇ ਮੋਹਰੀ ਜਹਾਜ਼ ਜਿਨ੍ਹਾਂ ਵਿੱਚ ਸਵਦੇਸ਼ੀ ਤੇਜਸ, ਸੁਖੋਈ-30 ਐੱਮ ਕੇ ਆਈ ਤੇ ਰਾਫਾਲ ਅਤੇ ਜਪਾਨ ਏਅਰ ਸੈਲਫ-ਡਿਫੈਂਸ ਫੋਰਸ ਦੇ ਐੱਫ-2ਏ ਜੰਗੀ ਜਹਾਜ਼ ਸ਼ਾਮਲ ਹਨ। ਜਪਾਨ ਏਅਰ ਸੈਲਫ-ਡਿਫੈਂਸ ਫੋਰਸ ਦੇ ਚੀਫ ਆਫ ਸਟਾਫ ਜਨਰਲ ਤਾਕੇਹਿਰੋ ਮੋਰਿਤਾ ਨੇ ਕਿਹਾ ਕਿ ਭਾਰਤ ਵਿੱਚ ਜਪਾਨੀ ਜੰਗੀ ਜਹਾਜ਼ਾਂ ਦੀ ਤਾਇਨਾਤੀ ਨੇ ਰੱਖਿਆ ਸਹਿਯੋਗ ਨੂੰ ਸਿਰਫ਼ ਮਸ਼ਕਾਂ ਤੱਕ ਸੀਮਤ ਰੱਖਣ ਤੋਂ ਅੱਗੇ ਵਧਾਇਆ ਹੈ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਹਵਾਈ ਜਹਾਜ਼ਾਂ ਤੇ ਹੋਰ ਉਪਕਰਨਾਂ ਨੂੰ ਤਾਇਨਾਤ ਕਰਨ ਦੀ ਸਮਰੱਥਾ ਨੂੰ ਦਰਸਾਇਆ ਹੈ।
ਭਾਰਤ-ਜਪਾਨ ਦੁਵੱਲੀ ਹਵਾਈ ਮਸ਼ਕ ‘ਵੀਰ ਗਾਰਡੀਅਨ-2026’ ਦੀਆਂ ਉਡਾਣਾਂ ਦੇ ਹਿੱਸੇ ਵਜੋਂ, ਜਪਾਨੀ ਹਵਾਈ ਸੈਨਾ ਦੇ ਮੁਖੀ ਨੇ ਇੱਕ ਪਾਇਲਟ ਨਾਲ ਤੇਜਸ ਜੈੱਟ ਵਿੱਚ ਉਡਾਣ ਭਰੀ। ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਤੇਜਸ ਜੈੱਟ ਵਿੱਚ ਇਕੱਲਿਆਂ ਉਡਾਣ ਭਰੀ। ਆਪਸੀ ਸਤਿਕਾਰ ਅਤੇ ਭਾਈਵਾਲੀ ਦੇ ਪ੍ਰਤੀਕ ਵਜੋਂ, ਦੋਵਾਂ ਹਵਾਈ ਸੈਨਾ ਪ੍ਰਮੁੱਖਾਂ ਨੇ ਬੈਜਾਂ ਦੀ ਅਦਲਾ-ਬਦਲੀ ਵੀ ਕੀਤੀ।
ਉਡਾਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏ ਪੀ ਸਿੰਘ ਨੇ ਕਿਹਾ, ‘‘ਇਹ ਮਸ਼ਕ ਖ਼ਾਸ ਹੈ ਕਿਉਂਕਿ ਜਪਾਨੀ ਜੰਗੀ ਜਹਾਜ਼ ਪਹਿਲੀ ਵਾਰ ਭਾਰਤੀ ਧਰਤੀ ਤੋਂ ਉਡਾਣ ਭਰ ਰਹੇ ਹਨ। ਇਹ ਸਾਡੇ ਰਿਸ਼ਤੇ ਤੇ ਭਾਈਵਾਲੀ ਦੇ ਇਤਿਹਾਸ ਵਿੱਚ ਵੱਡਾ ਮੀਲ ਪੱਥਰ ਹੈ। ਮਸ਼ਕ ਦੋਵਾਂ ਦੇਸ਼ਾਂ ਵਿਚਕਾਰ ਡੂੰਘੀ ਹੋ ਰਹੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦੀ ਹੈ, ਜੋ ਆਪਸੀ ਸਤਿਕਾਰ, ਪੇਸ਼ੇਵਰ ਵਿਸ਼ਵਾਸ ਅਤੇ ਸ਼ਾਂਤੀ ਤੇ ਸਥਿਰਤਾ ਲਈ ਸਾਂਝੀ ਵਚਨਬੱਧਤਾ ’ਤੇ ਆਧਾਰਿਤ ਹੈ। -ਪੀਟੀਆਈ

