ਸਿਆਟਲ, 16 ਸਤੰਬਰ
ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਜਿਸ ਦੀ ਪੁਲੀਸ ਦੀ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਥੇ ਮੌਤ ਹੋ ਗਈ ਸੀ, ਨੂੰ ਮਰਨ ਉਪਰੰਤ ਪੋਸਟ ਗ੍ਰੈਜੂਏਟ (ਮਾਸਟਰ) ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਹ ਐਲਾਨ ਉੱਤਰ-ਪੂਰਬੀ ਯੂਨੀਵਰਸਿਟੀ ਦੇ ਚਾਂਸਲਰ ਨੇ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮਾਮਲੇ ਦੀ ਚੱਲ ਰਹੀ ਜਾਂਚ ਨਾਲ ਜਿੱਥੇ ਨਿਆਂ ਮਿਲੇਗਾ ਉੱਥੇ ਹੀ ਜਵਾਬਦੇਹੀ ਵੀ ਤੈਅ ਹੋਵੇਗੀ। ਵਾਸ਼ਿੰਗਟਨ ਸੂਬੇ ਦੀ ਉੱਤਰ-ਪੂਰਬੀ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ 23 ਜਨਵਰੀ ਰਾਤ ਨੂੰ ਇਕ ਪੈਦਲ ਰਸਤਾ ਪਾਰ ਕਰਦੇ ਹੋਏ ਪੁਲੀਸ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਕੰਦੂਲਾ ਨੇ ਆਉਂਦੇ ਦਸੰਬਰ ਵਿੱਚ ਉੱਤਰ-ਪੂਰਬੀ ਯੂਨੀਵਰਸਿਟੀ ਦੇ ਸਿਆਟਲ ਕੈਂਪਸ ਤੋਂ ਸੂਚਨਾ ਪ੍ਰਣਾਲੀ ਵਿੱਚ ਮਾਸਟਰ ਡਿਗਰੀ ਪੂਰੀ ਕਰਨੀ ਸੀ। -ਪੀਟੀਆਈ