Jammu Kashmir: ਬਰਫ਼ਬਾਰੀ ਕਾਰਨ ਕਈ ਰਾਹ ਬੰਦ
ਮੈਦਾਨੀ ਇਲਾਕਿਆਂ ’ਚ ਮੀਂਹ ਮਗਰੋਂ ਪਾਰਾ ਡਿੱਗਿਆ; ਮੌਸਮ ਵਿਭਾਗ ਵੱਲੋਂ ਆੳੁਂਦੇ ਦਿਨਾਂ ’ਚ ਹੋਰ ਬਰਫ਼ ਪੈਣ ਦੀ ਚਿਤਾਵਨੀ
ਜੰਮੂ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਅੱਜ ਜਿੱਥੇ ਭਾਰੀ ਮੀਂਹ ਪਿਆ, ਉੱਥੇ ਹੀ ਕਸ਼ਮੀਰ ਘਾਟੀ ਦੀਆਂ ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫ਼ਬਾਰੀ ਹੋਈ। ਪ੍ਰਸ਼ਾਸਨ ਨੇ ਮੀਂਹ ਅਤੇ ਬਰਫ਼ਬਾਰੀ ਮਗਰੋਂ ਪ੍ਰਮੁੱਖ ਸੜਕਾਂ ’ਤੇ ਜਮ੍ਹਾਂ ਹੋਈ ਬਰਫ਼ ਨੂੰ ਹਟਾਉਣ ਅਤੇ ਆਵਾਜਾਈ ਬਹਾਲ ਕਰਵਾਉਣ ਲਈ ਕਰਮਚਾਰੀਆਂ ਨੂੰ ਮਸ਼ੀਨਾਂ ਨਾਲ ਕੰਮ ’ਤੇ ਲਾਇਆ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਜੰਮੂ ਖੇਤਰ ਦੇ ਊਧਮਪੁਰ ਵਿੱਚ ਸਭ ਤੋਂ ਵੱਧ 59.6 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਪੁਣਛ ਵਿੱਚ 39.5 ਐੱਮ ਐੱਮ, ਸਾਂਬਾ ਅਤੇ ਸ਼ੋਪੀਆਂ ਵਿੱਚ 34-34 ਐੱਮ ਐੱਮ, ਬਾਰਾਮੂਲਾ ਵਿੱਚ 29, ਕਟੜਾ ਵਿੱਚ 23.1, ਕੁਲਗਾਮ ਵਿੱਚ 18 ਐੱਮ ਐੱਮ, ਰਾਮਬਨ ਵਿੱਚ 17, ਅਨੰਤਨਾਗ ਵਿੱਚ 16 ਅਤੇ ਜੰਮੂ ਵਿੱਚ 7.6 ਐੱਮ ਐੱਮ ਮੀਂਹ ਪਿਆ। ਜੰਮੂ ਦੇ ਕਈ ਖੇਤਰਾਂ ਵਿੱਚ ਅਚਾਨਕ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ। ਸ੍ਰੀਨਗਰ ਸਣੇ ਪੂਰੀ ਘਾਟੀ ਵਿੱਚ ਰਾਤ ਭਰ ਭਾਰੀ ਮੀਂਹ ਪਿਆ, ਜੋ ਅੱਜ ਸਵੇਰ ਤੱਕ ਜਾਰੀ ਰਿਹਾ। ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਜਾਰੀ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਕੁੱਝ ਥਾਵਾਂ ’ਤੇ ਗੜੇਮਾਰੀ ਅਤੇ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਤੀਜੀ ਰਾਤ ਰੁਕ-ਰੁਕ ਹੋਈ ਬਰਫ਼ਬਾਰੀ ਕਾਰਨ ਸੈਲਾਨੀ ਕੇਂਦਰ ਸੋਨਮਰਗ ਅਤੇ ਗੁਲਮਰਗ ਦੇ ਉੱਪਰੀ ਇਲਾਕਿਆਂ ਵਿੱਚ ਪਹਾੜ ਅਤੇ ਘਾਹ ਦੇ ਮੈਦਾਨ ਬਰਫ਼ ਦੀ ਚਾਦਰ ਨਾਲ ਢਕੇ ਗਏ ਹਨ। ਮੁਗ਼ਲ ਰੋਡ ਸਣੇ ਕਈ ਮਹੱਤਵਪੂਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ।
ਘਾਟੀ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਨੌਂ ਡਿਗਰੀ ਸੈਲਸੀਅਸ ਥੱਲੇ ਆ ਗਿਆ ਹੈ। ਸ੍ਰੀਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋਨਮਰਗ ਵਿੱਚ ਘੱਟ ਤੋਂ ਘੱਟ ਤਾਪਮਾਨ ਦੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਖੇਤਰ ਦੇ ਭੱਦਰਵਾਹ, ਡੋਡਾ, ਕਿਸ਼ਤਵਾੜ, ਪੁਣਛ, ਰਾਜੌਰੀ ਅਤੇ ਕਠੂਆ ਦੇ ਉੱਪਰੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ, ਜਿਸ ਨਾਲ ਪਹਾੜੀ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਸਰ ਦਿਖਣ ਲੱਗਿਆ ਹੈ।
ਹਿਮਾਚਲ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ; ਕਈ ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ, ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜਦਕਿ ਦਰਮਿਆਨੇ ਅਤੇ ਹੇਠਲੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਲਾਹੌਲ ਅਤੇ ਸਪਿਤੀ ਵਿੱਚ ਸ਼ਿੰਕੂ ਲਾ, ਬਾਰਾਲਾਚਾ ਲਾ, ਕੁੰਜ਼ਮ ਲਾ, ਕੋਕਸਰ, ਜਿਸਪਾ, ਕੇਲਾਂਗ ਅਤੇ ਗੋਂਦਲਾ ਚੰਬਾ ਵਿੱਚ ਸੁਰਾਲ ਅਤੇ ਸੱਚ ਪਾਸ ਅਤੇ ਕਾਂਗੜਾ ਜ਼ਿਲ੍ਹੇ ਵਿੱਚ ਧੌਲਾਧਾਰ ਦੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਹੋਈ। ਸੜਕਾਂ ’ਤੇ ਫਿਸਲਣ ਹੋਣ ਕਾਰਨ ਰੋਹਤਾਂਗ ਦੱਰੇ ਤੋਂ ਸਰਚੂ, ਦਾਰਚਾ ਤੋਂ ਸ਼ਿੰਕੂ ਲਾ ਅਤੇ ਗ੍ਰਾਮਫੂ ਤੋਂ ਬਟਾਲ ਤੱਕ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਪਾਂਗੀ ਘਾਟੀ ਦੇ ਸੁਰਾਲ ਵਿੱਚ ਤਿੰਨ ਇੰਚ ਬਰਫ਼ ਪਈ ਹੈ, ਜਦਕਿ ਸੱਚ ਪਾਸ ’ਤੇ ਲਗਭਗ ਇੱਕ ਫੁੱਟ ਬਰਫ਼ ਜਮ੍ਹਾਂ ਹੋ ਗਈ ਹੈ। ਸੱਚ ਪਾਸ ਨੂੰ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਸ਼ਿੰਕੂ ਲਾ, ਬਾਰਾਲਾਚਾ ਲਾ ਅਤੇ ਕੁੰਜ਼ਮ ਲਾ ਵੱਲ ਜਾਣ ਵਾਲੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਲਾਹੌਲ-ਸਪਿਤੀ ਪੁਲੀਸ ਨੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਬੇਲੋੜਾ ਸਫ਼ਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। -ਪੀਟੀਆਈ

