ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਸਰਵਿਸ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਉਸ ਦੀ ਮੌਤ ਹੋ ਗਈ ਅਤੇ ਵਿਸ਼ੇਸ਼ ਅਪਰੇਸ਼ਨ ਗਰੁੱਪ (ਐੱਸ ਓ ਜੀ) ਦੇ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇੱਕ ਧਾਰਮਿਕ ਪ੍ਰਚਾਰਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਿਰਾਸਤ ’ਚ ਲਏ ਗਏ ਵਿਅਕਤੀ ਦਾ ਇਸ ਘਟਨਾ ਨਾਲ ਕੀ ਸਬੰਧ ਹੈ, ਇਹ ਅਜੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਚਾਈ ਵਾਲੇ ਇਸ ਇਲਾਕੇ ਵਿੱਚ ਸ਼ੱਕੀ ਹਲਚਲ ਦੀਆਂ ਰਿਪੋਰਟਾਂ ਤੋਂ ਬਾਅਦ, ਐੱਸ ਓ ਜੀ ਦੀ ਇੱਕ ਟੀਮ ਨੇ ਵੀਰਵਾਰ ਨੂੰ ਭੱਦਰਵਾਹ ਸ਼ਹਿਰ ਤੋਂ ਲਗਪਗ 35 ਕਿਲੋਮੀਟਰ ਦੂਰ ਜੈ-ਗੰਦੋਹ ਰੋਡ ’ਤੇ ਜਾਲ ਵਿਛਾਇਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਰਾਤ ਕਰੀਬ 11.30 ਵਜੇ ਐੱਸ ਓ ਜੀ ਟੀਮ ਨੇ ਇੱਕ ਨੌਜਵਾਨ ਨੂੰ ਰੋਕਿਆ, ਜਿਸ ਨੇ ਕਥਿਤ ਤੌਰ ’ਤੇ ਸੁਰੱਖਿਆ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਅਤੇ ਸਰਵਿਸ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਦੱਸਿਆ ਕਿ ਹੱਥੋਪਾਈ ਦੌਰਾਨ ਇੱਕ ਐੱਸ ਓ ਜੀ ਜਵਾਨ ਨੇ ਗੋਲੀ ਚਲਾ ਦਿੱਤੀ ਜੋ ਨੌਜਵਾਨ ਨੂੰ ਲੱਗੀ ਅਤੇ ਉਸ ਨੇ ਡੋਡਾ ਦੇ ਸਰਕਾਰੀ ਹਸਪਤਾਲ ’ਚ ਦਮ ਤੋੜ ਦਿੱਤਾ। -ਪੀਟੀਆਈ
ਮੌਤ ਦੇ ਤੱਥਾਂ ਦੀ ਜਲਦੀ ਜਾਂਚ ਹੋਵੇ: ਮਹਿਬੂਬਾ ਮੁਫ਼ਤੀ
ਸ੍ਰੀਨਗਰ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਭੱਦਰਵਾਹ ਵਿੱਚ ਨਾਗਰਿਕ ਦੀ ਮੌਤ ਦੇ ਮਾਮਲੇ ਵਿੱਚ ਤੱਥਾਂ ਦਾ ਪਤਾ ਲਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਦੀ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ। ਅਧਿਕਾਰੀਆਂ ਮੁਤਾਬਕ, ਡੋਡਾ ਜ਼ਿਲ੍ਹੇ ਦੇ ਭੱਦਰਵਾਹ ਵਿੱਚ ਵੀਰਵਾਰ ਰਾਤ ਨੂੰ ਨੌਜਵਾਨ ਆਰਿਫ਼ ਹੁਸੈਨ, ਦੀ ਪੁਲੀਸ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ।

