Jammu Kashmir ਦਾ Statehood ਤੁਰੰਤ ਬਹਾਲ ਹੋਵੇ: Omar Abdullah
ਵਿਰੋਧੀ ਧਿਰ ਦੇ ਵਾਕਆੳੂਟ ਵਿਚਾਲੇ ਵਿਧਾਨ ਸਭਾ ’ਚ ਮਤਾ ਪਾਸ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਚੋਣਾਂ ਤੋਂ ਬਾਅਦ ਕੇਂਦਰ ਨੂੰ ਪਹਿਲਾਂ ਦਿੱਤੇ ਭਰੋਸੇ ਦੀ ਯਾਦ ਦਿਵਾਉਂਦੇ ਹੋਏ ਜੰਮੂ ਕਸ਼ਮੀਰ ਨੂੰ ਤੁਰੰਤ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਭਾਜਪਾ ਦੇ ਵਾਕਆਊਟ ਦਰਮਿਆਨ ਅੱਜ ਵਿਧਾਨ ਸਭਾ ਨੇ ਇਸ ਸਬੰਧੀ ਮਤਾ ਪਾਸ ਕਰ ਦਿੱਤਾ।
ਮੁੱਖ ਮੰਤਰੀ ਅਬਦੁੱਲਾ ਨੇ ਕਿਹਾ, ‘‘ਅਸੀਂ ਆਪਣੇ ਨਾਲ ਹੋਏ ਅਪਮਾਨ ਲਈ ਇਨਸਾਫ਼ ਚਾਹੁੰਦੇ ਹਾਂ। ਇਹ ਕੇਂਦਰ ਵੱਲੋਂ ਕੋਈ ਦਾਨ ਜਾਂ ਅਹਿਸਾਨ ਨਹੀਂ, ਬਲਕਿ ਸਾਡਾ ਅਧਿਕਾਰ ਹੈ। ਕੇਂਦਰ ਨੇ ਵਾਅਦੇ ਕੀਤੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਚਾਹੀਦਾ ਹੈ।’’ ਆਪਣੇ ਮਤੇ ’ਤੇ ਵਿਧਾਨ ਸਭਾ ਦੀ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਧਾਰਾ 370 ਦੀਆਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਕੇਂਦਰ ਦੇ ਭਰੋਸੇ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਕਿਹੜਾ ਸ਼ਬਦ-ਕੋਸ਼ ਜਲਦੀ ਤੋਂ ਜਲਦੀ ਦਾ ਅਰਥ ਦੋ ਸਾਲ ਕੱਢਦਾ ਹੈ।
ਮੁੱਖ ਮੰਤਰੀ ਨੇ ਰਾਜ ਦਾ ਦਰਜਾ ਬਹਾਲ ਕਰਨ ਵਿੱਚ ਕੇਂਦਰ ਦੀ ਦੇਰੀ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ, ‘‘ਚੋਣਾਂ ਨੂੰ ਦੋ ਸਾਲ ਬੀਤ ਚੁੱਕੇ ਹਨ। ਸੁਪਰੀਮ ਕੋਰਟ ਨੇ ਧਾਰਾ 370 ਦੇ ਫੈਸਲੇ ਵਿੱਚ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਜਲਦੀ ਤੋਂ ਜਲਦੀ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ। ਅਸੀਂ ਸਬਰ ਰੱਖਿਆ ਹੈ, ਪਰ ਕਦੋਂ ਤੱਕ?’’ 11 ਦਸੰਬਰ 2023 ਨੂੰ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ, ਜਿਸ ਨੇ ਜੰਮੂ ਕਸ਼ਮੀਰ ਦੇ ਪੁਰਾਣੇ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ, ਨਾਲ ਹੀ ਇਹ ਹੁਕਮ ਵੀ ਦਿੱਤਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਅਤੇ ਇਸ ਦਾ ਰਾਜ ਦਾ ਦਰਜਾ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ।’’

